ਪ੍ਰਦਰਸ਼ਨਕਾਰੀਆਂ ਨੇ ਮਹਿਲਾ ਮੇਅਰ ਦਾ ਕੀਤਾ ਬੁਰਾ ਹਾਲ, ਲਾਲ ਰੰਗ ਲਗਾ ਕੇ ਕੱਟੇ ਵਾਲ (ਵੀਡੀਓ)

11/08/2019 2:47:15 PM

ਸੂਕਰੇ (ਬਿਊਰੋ): ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਵਿਚ ਇਕ ਛੋਟੇ ਕਸਬੇ ਦੀ ਮਹਿਲਾ ਮੇਅਰ ਦੇ ਨਾਲ ਪ੍ਰਦਰਸ਼ਨਕਾਰੀਆਂ ਨੇ ਕਾਫੀ ਬੁਰਾ ਵਤੀਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੇਅਰ ਨੂੰ ਨੰਗੇ ਪੈਰ ਸੜਕ 'ਤੇ ਘਸੀਟਿਆ, ਉਨ੍ਹਾਂ 'ਤੇ ਲਾਲ ਰੰਗ ਲਗਾਇਆ ਅਤੇ ਜ਼ਬਰਦਸਤੀ ਵਾਲ ਵੀ ਕੱਟ ਦਿੱਤੇ। ਗਵਰਨਿੰਗ ਮਾਸ ਪਾਰਟੀ ਦੀ ਪੈਟ੍ਰੀਸੀਆ ਆਰਸੇ (Patricia Arce) ਨੂੰ ਕਈ ਘੰਟੇ ਦੇ ਬਾਅਦ ਵਿੰਟੋ ਵਿਚ ਪੁਲਸ ਨੇ ਬਚਾਇਆ। ਇੱਥੇ ਦੱਸ ਦਈਏ ਕਿ ਬੋਲੀਵੀਆ ਵਿਚ ਵਿਵਾਦਮਈ ਰਾਸ਼ਟਰਪਤੀ ਚੋਣਾਂ ਦੇ ਬਾਅਦ ਤੋਂ ਸਰਕਾਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹਿੰਸਕ ਝੜਪਾਂ ਹੋ ਰਹੀਆਂ ਹਨ।ਹੁਣ ਤੱਕ ਇਨ੍ਹਾਂ ਝੜਪਾਂ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 

20 ਅਕਤੂਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਬਾਅਦ ਤੋਂ ਇੱਥੇ ਪ੍ਰਦਰਸ਼ਨ ਜਾਰੀ ਹੈ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਸਮੂਹ ਨੇ ਵਿੰਟੋ ਵਿਚ ਇਕ ਪੁਲ ਨੂੰ ਵੀ ਬਲੌਕ ਕਰ ਦਿੱਤਾ। ਇਹ ਇਕ ਛੋਟਾ ਜਿਹ ਕਸਬਾ ਹੈ ਅਤੇ ਇਹ ਕੇਂਦਰੀ ਬੋਲੀਵੀਆ ਦੇ ਕੋਚਾਬੰਬਾ ਸੂਬੇ ਵਿਚ ਸਥਿਤ ਹੈ। ਇੱਥੇ ਅਫਵਾਹਾਂ ਫੈਲ ਰਹੀਆਂ ਹਨ ਕਿ ਦੋ ਵਿਰੋਧੀ ਧਿਰ ਦੇ ਪ੍ਰਦਰਸ਼ਨਕਾਰੀ ਵਰਤਮਾਨ ਰਾਸ਼ਟਰਪਤੀ ਇਵੋ ਮੋਰਲਜ਼ ਦੇ ਸਮਰਥਕਾਂ ਦੇ ਨਾਲ ਸੰਘਰਸ਼ ਵਿਚ ਮਾਰੇ ਗਏ ਹਨ।

 

ਪ੍ਰਦਰਸ਼ਨਕਾਰੀ ਮੇਅਰ ਪੈਟ੍ਰੀਸੀਆ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਮੰਨ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੀ ਬਾਅਦ ਵਿਚ ਪੁਸ਼ਟੀ ਵੀ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਮੇਅਰ ਨੂੰ ਹੱਤਿਆ ਕਰਨ ਵਾਲੀ ਦੱਸ ਕੇ ਉਸ ਵਿਰੁੱਧ ਨਾਅਰੇ ਵੀ ਲਗਾਏ। ਉਦੋਂ ਮਾਸਕ ਪਹਿਨੇ ਕੁਝ ਵਿਅਕਤੀ ਉਨ੍ਹਾਂ ਨੂੰ ਨੰਗੇ ਪੈਰ ਸੜਕ 'ਤੇ ਘਸੀਟਦੇ ਹੋਏ ਪੁਲ ਤੱਕ ਲੈ ਆਏ। ਇਨ੍ਹਾਂ ਲੋਕਾਂ ਨੇ ਮੇਅਰ ਨੂੰ ਗੋਡਿਆਂ ਭਾਰ ਬਿਠਾ ਦਿੱਤਾ, ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਦੇ ਸਰੀਰ 'ਤੇ ਲਾਲ ਰੰਗ ਲਗਾ ਦਿੱਤਾ। ਇਨ੍ਹਾਂ ਲੋਕਾਂ ਨੇ ਮੇਅਰ ਨੂੰ ਜ਼ਬਰਦਸਤੀ ਅਸਤੀਫਾ ਪੱਤਰ 'ਤੇ ਦਸਤਖਤ ਕਰਨ ਲਈ ਵੀ ਕਿਹਾ।

ਘਟਨਾ ਸੰਬੰਧੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮੇਅਰ ਭੱਜਦੀ ਹੋਈ ਦਿੱਸ ਰਹੀ ਹੈ। ਲੋਕਾਂ ਦੀ ਭੀੜ ਉਨ੍ਹਾਂ ਦੇ ਪਿੱਛੇ ਪਈ ਹੈ। ਭੀੜ ਉਨ੍ਹਾਂ ਨੂੰ ਫੜ ਲੈਂਦੀ ਹੈ। ਮੇਅਰ ਖੁਦ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਦੀ ਹੈ ਪਰ ਉਹ ਸਫਲ ਨਹੀਂ ਹੋ ਪਾਉਂਦੀ। ਭਾਵੇਂਕਿ ਕੁਝ ਸਮੇਂ ਬਾਅਦ ਪੁਲਸ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਬਚਾਉਂਦੀ ਹੈ ਅਤੇ ਸਥਾਨਕ ਸਿਹਤ ਕੇਂਦਰ ਤੱਕ ਪਹੁੰਚਾਉਂਦੀ ਹੈ। 

 

ਪ੍ਰਦਰਸ਼ਨਕਾਰੀਆਂ ਨੇ ਮੇਅਰ ਦੇ ਦਫਤਰ ਨੂੰ ਵੀ ਨੁਕਸਾਨ ਪਹੁੰਚਾਇਆ। ਟਾਊਨ ਹਾਲ ਦੀਆਂ ਖਿੜਕੀਆਂ ਨੂੰ ਤੋੜ ਦਿੱਤਾ। ਜਿਹੜੇ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਹੈ ਉਸ ਦੀ ਪਛਾਣ 20 ਸਾਲ ਦੇ ਲਿੰਬਰਟ ਗਜਮੈਨ ਵਾਸਕਿਊ ਦੇ ਤੌਰ 'ਤੇ ਹੋਈ ਹੈ, ਜੋ ਇਕ ਵਿਦਿਆਰਥੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਵਾਸਕਿਊ ਦੇ ਸਿਰ 'ਤੇ ਸੱਟ ਲੱਗੀ ਸੀ। ਦੋਹਾਂ ਪੱਖਾਂ ਵਿਚ ਵਿਵਾਦ ਦੇ ਕਾਰਨ 3 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ ਵਾਸਕਿਊ ਮਰਨ ਵਾਲੇ ਤੀਜੇ ਸ਼ਖਸ ਹਨ।

Vandana

This news is Content Editor Vandana