ਵੱਧਦੇ ਦਬਾਅ ਹੇਠ ਬੋਲੀਵੀਆ ਦੇ ਰਾਸ਼ਟਰਪਤੀ ਨੇ ਦਿੱਤਾ ਅਸਤੀਫਾ

11/11/2019 9:57:05 AM

ਲਾ ਪਾਜ਼ (ਭਾਸ਼ਾ): ਬੋਲੀਵੀਆ ਦੇ ਰਾਸ਼ਟਰਪਤੀ ਇਵੋ ਮੋਰਾਲੇਸ ਨੇ ਚੋਣ ਨਤੀਜਿਆਂ ਵਿਚ ਗੜਬੜੀ ਦੇ ਦੋਸ਼ਾਂ ਦੇ ਬਾਅਦ ਫੌਜ ਅਤੇ ਜਨਤਾ ਦੇ ਵੱਧਦੇ ਦਬਾਅ ਦੇ ਵਿਚ ਐਤਵਾਰ ਨੂੰ ਅਸਤੀਫਾ ਦੇ ਦਿੱਤਾ। ਚੋਣਾਂ ਵਿਚ ਬੇਨਿਯਮੀਆਂ ਨੂੰ ਲੈ ਕੇ ਦੱਖਣੀ ਅਮਰੀਕੀ ਦੇਸ਼ ਵਿਚ ਕਈ ਹਫਤਿਆਂ ਤੋਂ ਹਿੰਸਕ ਪ੍ਰਦਰਸ਼ਨ ਚੱਲ ਰਹੇ ਹਨ। ਇਸ ਫੈਸਲੇ ਤੋਂ ਇਕ ਦਿਨ ਪਹਿਲਾਂ ਮੋਰਾਲੇਸ ਨੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਸੰਕਟ ਉਦੋਂ ਵੱਧ ਗਿਆ ਜਦੋਂ ਫੌਜ ਪ੍ਰਮੁੱਖ ਨੇ ਰਾਸ਼ਟਰੀ ਟੀ.ਵੀ. ਚੈਨਲ 'ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।

60 ਸਾਲਾ ਸਮਾਜਵਾਦੀ ਨੇਤਾ ਮੋਰਾਲੇਸ ਨੇ ਕਿਹਾ,''ਮੈਂ ਬੋਲੀਵੀਆ ਦੀ ਵਿਧਾਨ ਸਭਾ ਨੂੰ ਆਪਣਾ ਅਸਤੀਫਾ ਭੇਜ ਰਿਹਾ ਹਾਂ।'' ਉਨ੍ਹਾਂ ਨੇ ਕਿਹਾ,''ਮੈਂ ਤੁਹਾਨੂੰ ਭੈਣਾਂ ਅਤੇ ਭਰਾਵਾਂ 'ਤੇ ਹਮਲਾ ਬੰਦ ਕਰਨ ਦੀ ਅਪੀਲ ਕਰਦਾ ਹਾਂ। ਚੀਜ਼ਾਂ ਨੂੰ ਸਾੜਨਾ ਅਤੇ ਹਮਲਾ ਕਰਨਾ ਬੰਦ ਕਰ ਦਿਓ।'' ਮੋਰਾਲੇਸ ਦਾ ਬਿਆਨ ਹਾਲੇ ਖਤਮ ਨਹੀਂ ਹੋਇਆ ਸੀ ਕਿ ਇਸ ਤੋਂ ਪਹਿਲਾਂ ਲਾ ਪਾਜ਼ ਅਤੇ ਹੋਰ ਸ਼ਹਿਰਾਂ ਵਿਚ ਕਾਰ ਦੇ ਹੌਰਨ ਵੱਜਣ ਲੱਗੇ ਅਤੇ ਲੋਕ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰ ਆਏ। ਇਸ ਵਿਚ ਮੋਰਾਲੇਸ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਦਾ ਵਾਰੰਟ ਆਇਆ ਹੈ। 

ਉਨ੍ਹਾਂ ਨੇ ਟਵੀਟ ਕੀਤਾ,''ਮੈਂ ਦੁਨੀਆ ਅਤੇ ਬੋਲੀਵੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂਕਿ ਇਕ ਪੁਲਸ ਅਧਿਕਾਰੀ ਨੇ ਜਨਤਕ ਰੂਪ ਵਿਚ ਕਿਹਾ ਕਿ ਉਸ ਕੋਲ ਮੇਰੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕਰਨ ਦੇ ਆਦੇਸ਼ ਦਾ ਪਾਲਨ ਕਰਨ ਦੇ ਨਿਰਦੇਸ਼ ਹਨ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿੰਸਕ ਸਮੂਹਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਸੀ। 

3 ਹਫਤੇ ਤੋਂ ਚੱਲ ਰਹੇ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਕੰਜ਼ਰਵੇਟਿਵ ਨੇਤਾ ਲੁਇਸ ਫਰਨਾਰਡੋ ਕੈਮੇਚੋ ਨੇ ਪੁਸ਼ਟੀ ਕੀਤੀ ਕਿ ਮੋਰਾਲੇਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ। ਕੈਮੇਚੋ ਨੇ ਟਵਿੱਟਰ 'ਤੇ ਲਿਖਿਆ,''ਫੌਜ ਨੇ ਉਨ੍ਹਾਂ ਦਾ ਰਾਸ਼ਟਰਪਤੀ ਜਹਾਜ਼ ਲੈ ਲਿਆ ਹੈ ਅਤੇ ਉਹ ਆਰਕੇਡ ਵਿਚ ਲੁਕੇ ਹੋਏ ਹਨ। ਅਸੀਂ ਉਨ੍ਹਾਂ ਦੀ ਤਲਾਸ਼ ਕਰ ਰਹੇ ਹਾਂ।'' ਆਰਕੇਡ ਤੋਂ ਹੀ ਮੋਰਾਲੇਸ ਨੇ ਟੀ.ਵੀ. 'ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਇੱਥੇ ਦੱਸ ਦਈਏ ਕਿ ਮੋਰਾਲੇਸ ਬੋਲੀਵੀਆ ਦੀ ਮੂਲ ਨਿਵਾਸੀ ਆਬਾਦੀ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਮੈਂਬਰ ਸਨ ਅਤੇ ਉਹ 13 ਸਾਲ 9 ਮਹੀਨੇ ਤੱਕ ਸੱਤਾ ਵਿਚ ਰਹੇ, ਜੋ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਕਾਰਜਕਾਲ ਹੈ। ਭਾਵੇਂਕਿ ਪਿਛਲੇ ਮਹੀਨੇ ਚੌਥੀ ਵਾਰ ਚੋਣਾਂ ਜਿੱਤਣ ਦੇ ਉਨ੍ਹਾਂ ਦੇ ਦਾਅਵੇ ਨੇ ਦੇਸ਼ ਵਿਚ ਅਸ਼ਾਂਤੀ ਪੈਦਾ ਕਰ ਦਿੱਤੀ। ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈਆਂ ਝੜਪਾਂ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।

Vandana

This news is Content Editor Vandana