ਇੰਝ ਫੜਿਆ ਗਿਆ ਇਸ ਬਾਡੀਬਿਲਡਰ ਦਾ ਝੂਠ, ਫੇਸਬੁੱਕ 'ਤੇ ਕਰ ਬੈਠਾ ਸੀ ਇਹ ਗਲਤੀ

06/30/2017 3:24:34 PM

ਲੰਡਨ— ਕਹਿੰਦੇ ਨੇ ਕਿ ਸੱਚ ਕਦੇ ਛੁਪਿਆ ਨਹੀਂ ਰਹਿੰਦਾ, ਇਕ ਨਾ ਇਕ ਦਿਨ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਇੰਗਲੈਂਡ ਦੇ ਬਾਡੀਬਿਲਡਰ ਲਿਓਨ ਰਾਬਰਟ ਦੀ ਇਸ ਸੱਚੀ ਕਹਾਣੀ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਝੂਠ ਦੇ ਪੈਰ ਨਹੀਂ ਹੁੰਦੇ। ਲਿਓਨ ਆਪਣੀ ਐਕਸ ਪਾਰਟਨਰ ਨਾਲ ਤੁਰਕੀ 'ਚ ਛੁੱਟੀਆਂ ਮਨਾਉਣ ਗਿਆ ਸੀ। ਉਨ੍ਹਾਂ ਨੇ ਖਾਣਾ ਖਾ ਕੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਖਾਣੇ ਕਾਰਨ ਉਹ ਬਿਮਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਫੂਡ ਪੁਆਇਜ਼ਨਿੰਗ ਹੋ ਗਈ ਹੈ। ਇਸ ਮਗਰੋਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਇੰਨੇ ਬਿਮਾਰ ਹੋ ਗਏ ਹਨ ਕਿ ਉੱਠ ਵੀ ਨਹੀਂ ਸਕੇ ਤੇ ਉਨ੍ਹਾਂ ਦੀਆਂ ਛੁੱਟੀਆਂ ਖਰਾਬ ਹੋ ਗਈਆਂ ਹਨ। 


ਲਿਓਨ ਨੇ ਟਰੈਵਲ ਕੰਪਨੀ ਤੇ ਹੋਟਲ ਤੋਂ ਹਰਜਾਨੇ ਦੀ ਵੀ ਮੰਗ ਕੀਤੀ। ਇਹ ਗੱਲ ਸਭ ਨੂੰ ਸੱਚ ਹੀ ਲੱਗ ਰਹੀ ਸੀ ਪਰ ਇਸ ਝੂਠ ਦਾ ਪਰਦਾਫਾਰਸ਼ ਹੋਣ ਨੂੰ ਮਿੰਟ ਵੀ ਨਹੀਂ ਲੱਗਾ। ਅਸਲ 'ਚ ਉਹ ਝੂਠ ਬੋਲ ਰਿਹਾ ਸੀ ਤੇ ਇਹ ਸੱਚ ਉਸ ਦੀਆਂ ਫੇਸਬੁੱਕ ਪੋਸਟਾਂ ਤੋਂ ਸਾਹਮਣੇ ਆਇਆ। ਉਸ ਦੀਆਂ 79 ਫੋਟੋਆਂ 'ਚ ਇਹ ਸ਼ਪੱਸ਼ਟ ਹੋ ਗਿਆ ਕਿ ਉਹ ਬਿਮਾਰ ਹੋ ਕੇ ਬਿਸਤਰੇ 'ਤੇ ਹੀ ਨਹੀਂ ਰਿਹਾ ਸਗੋਂ ਕਈ ਥਾਵਾਂ 'ਤੇ ਆਪਣੀ ਪਾਰਟਨਰ ਨਾਲ ਘੁੰਮਦਾ ਰਿਹਾ ਹੈ।ਜਦ ਇਹ ਗੱਲ ਸਾਹਮਣੇ ਆ ਗਈ ਕਿ ਉਹ ਘੁੰਮ ਕੇ ਆਏ ਹਨ ਤਾਂ ਲਿਓਨ ਨੇ ਕਿਹਾ ਕਿ ਉਹ ਛੁੱਟੀਆਂ 'ਚ ਬਿਮਾਰ ਹੋ ਗਿਆ ਪਰ ਫਿਰ ਵੀ ਉਹ ਹਰਜਾਨੇ ਦੀ ਮੰਗ ਨਹੀਂ ਕਰ ਰਿਹਾ। ਉਸ ਨੇ ਕਿਹਾ ਕਿ ਉਸ ਦਾ ਆਪਣੀ ਐਕਸ ਪਾਰਟਨਰ ਨਾਲ ਝਗੜਾ ਚੱਲ ਰਿਹਾ ਹੈ ਤੇ ਉਹ ਹੋਰ ਕੋਈ ਤਣਾਅ ਨਹੀਂ ਝੱਲ ਸਕਦਾ।