ਚੀਨ ਦਾ ਝੰਡਾ ਲੱਗੀ ਕਿਸ਼ਤੀ ਵਿਚੋਂ ਮਿਲੀਆਂ 300 ਟਨ ਸ਼ਾਰਕਾਂ ਦੀਆਂ ਲਾਸ਼ਾਂ (ਤਸਵੀਰਾਂ)

08/21/2017 3:53:58 PM

ਕਵੀਟੋ— ਇਕਵਾਡੋਰ ਵਿਚ ਮਰੀਆਂ ਹੋਈਆਂ ਸ਼ਾਰਕਾਂ ਨਾਲ ਭਰੀ ਚੀਨ ਦੀ ਇਕ ਵੱਡੀ ਕਿਸ਼ਤੀ ਫੜੀ ਗਈ ਹੈ। ਕਿਸ਼ਤੀ ਵਿਚ ਸਵਾਰ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਅਦਾਲਤ ਨੇ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਹੈ। ਚੀਨ ਦੀ ਝੰਡਾ ਲੱਗੀ ਇਸ ਕਿਸ਼ਤੀ ਨੂੰ ਬੀਤੇ ਐਤਵਾਰ 300 ਟਨ ਮਰੀਆਂ ਮੱਛੀਆਂ ਨਾਲ ਗਾਲਾਪਗੋਸ ਆਰਕੀਪੇਲਾਗੋ ਟਾਪੂ ਦੇ ਨੇੜਿਓਂ ਫੜਿਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਸੁਰੱਖਿਅਤ ਰੱਖੀਆਂ ਗਈਆਂ ਹੈਮਰਹੇਡ ਸ਼ਾਰਕ ਮੱਛੀਆਂ ਹਨ।
ਚੀਨ ਦੇ 'ਫੂ ਯੁਆਨ ਯੂ ਲੇਂਗ 999' ਨਾਂ ਦੀ ਕਿਸ਼ਤੀ ਮਰੀਨ ਰਿਜ਼ਰਵ ਦੇ ਅੰਦਰ ਆਰਕੀਪੇਲਾਗੋ ਵਿਚ ਮਿਲੀ, ਜੋ ਕਈ ਛੋਟੇ ਟਾਪੂਆਂ ਦਾ ਗਰੁੱਪ ਹੈ। ਕਿਸ਼ਤੀ 'ਤੇ 20 ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਜੇ ਇਨ੍ਹਾਂ ਮੈਂਬਰਾਂ ਨੂੰ ਸੁਰੱਖਿਅਤ ਸਪੀਸ਼ੀਜ਼ ਦੀ ਤਸਕਰੀ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਇਕਵਾਡੋਰ ਦੇ ਵਾਤਾਵਰਣ ਮੰਤਰੀ ਤਾਰਸਿਕਿਓ ਗ੍ਰਾਨਿਜ਼ੋ ਨੇ ਕਿਹਾ,''ਸੈਨ ਕ੍ਰਿਸਟੋਬਾਲ ਟਾਪੂ ਦੇ ਜੱਜ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਅਦਾਲਤ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਹਿਰਾਸਤ ਵਿਚ ਰੱਖਣ ਲਈ ਕਿਹਾ ਹੈ।'' ਉਨ੍ਹਾਂ ਨੇ ਕਿਹਾ,''ਜ਼ਰੂਰੀ ਨਹੀਂ ਕਿ ਸਾਰੀਆਂ ਮੱਛੀਆਂ ਮਰੀਨ ਰਿਜ਼ਰਵ ਤੋਂ ਫੜੀਆਂ ਗਈਆਂ ਹੋਣ ਪਰ ਕਿਸ਼ਤੀ ਵਿਚ ਮੌਜੂਦ ਜਵਾਨ ਸ਼ਾਰਕ ਅਤੇ ਬੇਬੀ ਸ਼ਾਰਕ ਇਸ ਗੱਲ ਦਾ ਇਸ਼ਾਰਾ ਕਰਦੀਆਂ ਹਨ ਕਿ ਇਨ੍ਹਾਂ ਨੂੰ ਰਿਜ਼ਰਵ ਰੱਖਣ ਦੇ ਉਦੇਸ਼ ਨਾਲ ਫੜਿਆ ਗਿਆ ਹੋਵੇਗਾ।'' ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਾਲਾਪਗੋਸ ਆਰਕੀਪੇਲਾਗੋ ਟਾਪੂ ਨੂੰ ਯੂਨੇਸਕੋ ਵਿਚ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਕੀਤਾ ਹੈ ਕਿਉਂਕਿ ਇਹ ਜਗ੍ਹਾ ਜੀਵ ਵਿਭਾਗ ਲਈ ਜਾਣੀ ਜਾਂਦੀ ਹੈ।