ਇਮਰਾਨ ਖਾਨ ਨੇ ਭਾਜਪਾ ਨੂੰ ਦੱਸਿਆ ਮੁਸਲਮਾਨ ਅਤੇ ਪਾਕਿਸਤਾਨ ਵਿਰੋਧੀ

12/07/2018 11:05:07 PM

ਇਸਲਾਮਾਬਾਦ (ਅਨਸ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਵਿਰੋਧੀ ਹੈ ਅਤੇ ਉਸ ਨੇ ਸ਼ਾਂਤੀ ਲਈ ਸਾਡੇ ਹਰ ਯਤਨ ਨੂੰ ਨਾਕਾਮ ਕਰ ਦਿੱਤਾ ਹੈ। ਇਕ ਹਾਲੀਆ ਇੰਟਰਵਿਊ ਵਿਚ ਇਕ ਵਾਰ ਫਿਰ ਭਾਰਤ ਵਿਰੋਧੀ ਰਾਗ ਅਲਾਪਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਮੁਸਲਿਮ ਵਿਰੋਧੀ ਅਤੇ ਪਾਕਿਸਤਾਨ ਵਿਰੋਧੀ ਹੈ।

ਇਮਰਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ਵਿਚ ਚੋਣਾਂ ਨੇੜੇ ਹਨ, ਇਸੇ ਲਈ ਭਾਰਤ ਪਾਕਿਸਤਾਨ ਵਿਰੋਧੀ ਰੁਖ਼ ਦਿਖਾ ਰਿਹਾ ਹੈ। ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਮਰਾਨ ਖਾਨ ਨੇ ਇਹ ਗੱਲਾਂ ਕਹੀਆਂ ਹਨ। ਇਮਰਾਨ ਨੇ ਸਿੱਖ ਸ਼ਰਧਾਲੂਆਂ ਲਈ ਖੋਲ੍ਹੀ ਗਈ ਕਰਤਾਰਪੁਰ ਸਰਹੱਦ ਅਤੇ 26/11 ਮੁੰਬਈ ਹਮਲੇ ਦਾ ਵੀ ਜ਼ਿਕਰ ਕੀਤਾ। ਜਦੋਂ ਇਮਰਾਨ ਤੋਂ ਪੁੱਛਿਆ ਗਿਆ ਕਿ ਮੁੰਬਈ ਹਮਲੇ ਦੇ ਮਾਸਟਰਮਾਈਂਡ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜ਼ਕੀ ਉਰ ਰਹਿਮਾਨ ਲਖਵੀ ਨੂੰ ਪਾਕਿਸਤਾਨ ਵਿਚ ਬੇਲ ਮਿਲੀ ਹੋਈ ਹੈ ਅਤੇ 6 ਹੋਰ ਸ਼ੱਕੀਆਂ ਦੇ ਵਿਰੁੱਧ ਵੀ 9 ਸਾਲ ਤੋਂ ਟਰਾਇਲ ਚੱਲ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੁੰਬਈ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ। ਉਨ੍ਹਾਂ ਨੇ ਇਹ ਉਮੀਦ ਜਤਾਈ ਕਿ ਭਾਰਤ ਵਿਚ ਚੋਣਾਂ ਤੋਂ ਬਾਅਦ ਫਿਰ ਸ਼ਾਂਤੀ ਪ੍ਰਕਿਰਿਆ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਵੇਗੀ।

ਵਰਣਨਯੋਗ ਹੈ ਕਿ ਹਾਲ ਹੀ ਵਿਚ ਪਾਕਿਸਤਾਨ ਨੇ ਭਾਰਤ ਨੂੰ ਸਾਰਕ ਸਮਿਟ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ, ਜਿਸ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਅੱਤਵਾਦ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ। ਇਮਰਾਨ ਖਾਨ ਨੇ ਕਿਹਾ ਕਿ ਉਹ ਮੁੰਬਈ ਹਮਲੇ ਦੇ ਅਪਰਾਧੀਆਂ ਨੂੰ ਸਜ਼ਾ ਹੁੰਦੇ ਦੇਖਣਾ ਚਾਹੁੰਦੇ ਹਨ ਅਤੇ ਉਹ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਭਾਰਤ ਦਾ ਸਹਿਯੋਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਉਮੀਦ ਜਤਾਈ ਕਿ ਭਾਰਤ ਵਿਚ ਚੋਣਾਂ ਹੋ ਜਾਣ ਤੋਂ ਬਾਅਦ ਹਾਲਾਤ ਵਿਚ ਬਦਲਾਅ ਆਏਗਾ ਅਤੇ ਗੱਲਬਾਤ ਦਾ ਸਾਕਾਰਾਤਮਕ ਮਾਹੌਲ ਬਣੇਗਾ।

ਪਾਕਿਸਤਾਨ ਕਿਰਾਏ ਦੀ ਬੰਦੂਕ ਨਹੀਂ
ਇਮਰਾਨ ਖਾਨ ਨੇ ਵਾਸ਼ਿੰਗਟਨ ਪੋਸਟ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਅਮਰੀਕਾ ਲਈ ਕਿਰਾਏ ਦੀ ਬੰਦੂਕ ਵਾਂਗ ਨਹੀਂ ਹੈ। ਇਮਰਾਨ ਖਾਨ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਬਰਾਬਰੀ ਦੇ ਆਧਾਰ 'ਤੇ ਰਿਸ਼ਤਾ ਰੱਖਣਾ ਚਾਹੁੰਦੇ ਹਨ ਅਤੇ ਦੇਸ਼ ਦੇ ਸਵੈਭਿਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਇਮਰਾਨ ਖਾਨ ਨੇ ਕਿਹਾ ਕਿ ਅੱਤਵਾਦ ਵਿਰੁੱਧ ਜੰਗ ਵਿਚ ਅਮਰੀਕਾ ਦਾ ਪੂਰਾ ਸਾਥ ਦਿੱਤਾ ਪਰ ਅਮਰੀਕਾ ਨੇ ਸਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ। ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਚੀਨ ਦੇ ਨਾਲ ਸਾਡੇ ਕਾਰੋਬਾਰੀ ਰਿਸ਼ਤੇ ਹਨ, ਜਿਵੇਂ ਅਮਰੀਕਾ ਦੇ ਨਾਲ ਹਨ।

Baljit Singh

This news is Content Editor Baljit Singh