ਬਰਮਿੰਘਮ ਦੀ ਸੜਕ ''ਤੇ ਚੜ੍ਹਿਆ ਪੰਜਾਬੀ ਦਾ ਪਾਰਾ, ਦਿਖਾਇਆ ''ਦੇਸੀ ਰੰਗ'' (ਵੀਡੀਓ)

07/24/2016 11:03:59 AM

ਬਰਮਿੰਘਮ— ਦੇਸੀਆਂ ਨੇ ਵਿਦੇਸ਼ ਵਿਚ ਆਪਣਾ ਰੰਗ ਆਖਰ ਇਕ ਵਾਰ ਫਿਰ ਦਿਖਾ ਦਿੱਤਾ, ਜਦੋਂ ਮਾਮੂਲੀ ਜਿਹੇ ਹਾਰਨ ਨੂੰ ਲੈ ਕੇ ਸੜਕ ''ਤੇ ਹੰਗਾਮਾ ਕਰ ਦਿੱਤਾ। ਰੁਪਿੰਦਰ ਢਿੱਲੋਂ ਨਾਮੀ ਵਿਅਕਤੀ ਨੇ ਆਪਣੀ ਕਾਰ ਦੇ ਪਿੱਛੇ ਹਾਰਨ ਵਜਾਉਣ ਵਾਲੇ ਰਾਜ ਥਾਪਰ ਨੂੰ ਇਸ ਦਾ ਜਵਾਬ ਆਪਣੇ ਘਸੁੰਨ ਨਾਲ ਦਿੱਤਾ। ਘਟਨਾ ਬਰਮਿੰਘਮ ਦੇ ਇਕ ਸਕੂਲ ਦੇ ਬਾਹਰ ਵਾਪਰੀ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਰਾਜ ਥਾਪਰ ਦੀ ਪਤਨੀ ਨੇ ਬਣਾਈ ਹੈ। 
ਅਸਲ ਵਿਚ ਰਾਜ ਥਾਪਰ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਕਾਰ ਵਿਚ ਸਵਾਰ ਸੀ। ਉਸ ਦੀ ਕਾਰ ਢਿੱਲੋਂ ਦੀ ਕਾਰ ਦੇ ਪਿੱਛੇ ਸੀ। ਰਾਜ ਥਾਪਰ ਨੇ ਜਦੋਂ ਹਾਰਨ ਵਜਾਇਆ ਤਾਂ ਢਿੱਲੋਂ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਆਪਣੀ ਕਾਰ ''ਚੋਂ ਉੱਤਰ ਕੇ ਥਾਪਰ ਦੇ ਪਰਿਵਾਰ ਦੇ ਸਾਹਮਣੇ ਹੀ ਉਸ ਦੇ ਮੂੰਹ ''ਤੇ ਘਸੁੰਨ ਮਾਰ ਦਿੱਤਾ। ਵੀਡੀਓ ਵਿਚ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਥਾਪਰ ਦੀ ਪਤਨੀ ਵਾਰ-ਵਾਰ ਕਹਿ ਰਹੀ ਹੈ ਕਿ ਉਹ ਪੁਲਸ ਨੂੰ ਬੁਲਾਓ। ਥਾਪਰ ਦੀ ਪਤਨੀ ਜਦੋਂ ਇਸ ਘਟਨਾ ਦੀ ਵੀਡੀਓ ਬਣਾ ਰਹੀ ਸੀ ਤਾਂ ਢਿੱਲੋਂ ਨੇ ਉਸ ਦਾ ਮੋਬਾਈਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ। 35 ਸਾਲਾ ਢਿੱਲੋਂ ਨੂੰ ਸੈਂਡਵੈਲ ਮੈਜਿਸਟ੍ਰੇਟ ਕੋਰਟ ਵਿਚ ਥਾਪਰ ''ਤੇ ਸਰੀਰਕ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ। ਥਾਪਰ ਨੇ ਕਿਹਾ ਕਿ ਘਟਨਾ ਕਾਰਨ ਉਸ ਦੀ ਪਤਨੀ ਅਤੇ ਬੱਚੇ ਬੇਹੱਦ ਡਰ ਗਏ ਸਨ। ਇਹ ਝਗੜਾ ਉੱਥੇ ਮੌਜੂਦ ਇਕ ਵਿਅਕਤੀ ਦੇ ਵਿਚ-ਬਚਾਅ ਕਰਨ ਤੋਂ ਬਾਅਦ ਖਤਮ ਹੋਇਆ। 12 ਅਗਸਤ ਨੂੰ ਇਸ ਮਾਮਲੇ ਵਿਚ ਢਿੱਲੋਂ ਨੂੰ ਸਜ਼ਾ ਸੁਣਾਈ ਜਾਵੇਗੀ।

Kulvinder Mahi

This news is News Editor Kulvinder Mahi