ਬਾਈਡੇਨ ਨੇ ਅਮਰੀਕੀਆਂ ਨੂੰ ਆਰਥਿਕ ਰਾਹਤ ਦੇਣ ਦੇ ਹੁਕਮ ''ਤੇ ਕੀਤੇ ਦਸਤਖ਼ਤ

01/23/2021 4:44:41 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਈ ਸਰਕਾਰੀ ਤੇ ਕਾਰਜਕਾਰੀ ਹੁਕਮਾਂ ਉੱਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿਚੋਂ ਇਕ ਹੁਕਮ ਕੋਰੋਨਾ ਵਾਇਰਸ ਦੀ ਮਾਰ ਨਾਲ ਪ੍ਰਭਾਵਿਤ ਅਮਰੀਕੀ ਅਰਥ ਵਿਵਸਥਾ ਦੀ ਹਾਲਤ ਵਿਚ ਸੁਧਾਰ ਲਿਆਉਣ ਨਾਲ ਸਬੰਧਤ ਹੈ। ਇਸ ਮਹਾਮਾਰੀ ਕਾਰਨ 1.8 ਕਰੋੜ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ। 

ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਤੀਜੇ ਦਿਨ ਬਾਈਡੇਨ ਨੇ ਅਮਰੀਕੀਆਂ ਲਈ ਬਚਾਅ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਉਨ੍ਹਾਂ ਅਮਰੀਕੀਆਂ ਨੂੰ ਆਰਥਿਕ ਰਾਹਤ ਪ੍ਰਦਾਨ ਕੀਤੀ ਜਾਵੇਗੀ, ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੰਕਟ ਵਿਚ ਹਨ। ਬਾਈਡੇਨ ਨੇ ਕਿਹਾ,"ਅਸੀਂ ਲੋਕਾਂ ਨੂੰ 2 ਹਜ਼ਾਰ ਡਾਲਰ ਦੇ ਸਿੱਧੇ ਭੁਗਤਾਨ ਦਾ ਕੰਮ ਪੂਰਾ ਕਰਾਂਗੇ। ਪਹਿਲਾਂ ਜੋ 600 ਡਾਲਰ ਮਨਜ਼ੂਰ ਕੀਤੇ ਗਏ ਹਨ, ਉਹ ਕਾਫੀ ਨਹੀਂ ਹਨ। ਇੰਨੀ ਰਾਸ਼ੀ ਵਿਚ ਜੇਕਰ ਤੁਹਾਨੂੰ ਕਿਰਾਇਆ ਦੇਣ ਜਾਂ ਭੋਜਨ ਖਰੀਦਣ ਦੇ ਬਦਲ ਨੂੰ ਚੁਣਨਾ ਪਵੇ ਤਾਂ ਇਹ ਸੌਖਾ ਨਹੀਂ ਹੋਵੇਗਾ।" 

ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਆਪਣੇ ਸੰਬੋਧਨ ਵਿਚ ਕਿਹਾ,"ਅਸੀਂ ਆਪਣੇ ਲੋਕਾਂ ਨੂੰ ਭੁੱਖਾ ਨਹੀਂ ਛੱਡ ਸਕਦੇ। ਅਸੀਂ ਲੋਕਾਂ ਨੂੰ ਉਸ ਕਾਰਨ ਘਰ ਖਾਲੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਸ ਪਿੱਛੇ ਉਹ ਖੁਦ ਨਹੀਂ ਹਨ।" ਬਾਈਡੇਨ ਨੇ ਕਿਹਾ ਕਿ ਉਸ ਦੀ ਇਸ ਰਾਹਤ ਯੋਜਨਾ ਨਾਲ ਅਰਥ ਵਿਵਸਥਾ ਵਧੇਰੇ ਤੇਜ਼ੀ ਨਾਲ ਪੂਰੇ ਰੁਜ਼ਗਾਰ ਵੱਲ ਵਧੇਗੀ। ਬਾਈਡੇਨ ਨੇ 15 ਜਨਵਰੀ ਨੂੰ ਅਮਰੀਕੀ ਅਰਥ ਵਿਵਸਥਾ ਲਈ 1900 ਅਰਬ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਪੈਕਜ ਦੀ ਘੋਸ਼ਣਾ ਕੀਤੀ ਸੀ। 

Lalita Mam

This news is Content Editor Lalita Mam