ਭੂਟਾਨ 'ਚ ਸਿਰਫ 4 ਲੋਕ ਕੋਰੋਨਾ ਪਾਜ਼ੀਟਿਵ, ਆਖਰ ਕੀ ਹੈ ਵੱਡੀ ਵਜ੍ਹਾ? ਜਾਣੋ

04/02/2020 11:45:36 AM

ਭੂਟਾਨ- ਹਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵਧ ਰਹੇ ਹਨ। ਇਸ ਦੇ ਨਾਲ ਹੀ ਪਹਾੜੀ ਦੇਸ਼ ਭੂਟਾਨ ਵਿਚ ਇਸ ਦੇ ਮਾਮਲੇ ਬੇਹੱਦ ਘੱਟ ਹਨ। ਭਾਰਤ ਦੀ ਸਰਹੱਦ ਨਾਲ ਜੁੜਿਆ ਅਤੇ ਹਿਮਾਲਿਆ ਦੀ ਗੋਦ ਵਿਚ ਵਸਿਆ ਇਹ ਦੇਸ਼ ਆਪਣੇ-ਆਪ ਨੂੰ ਸੁਰੱਖਿਅਤ ਕਿਵੇਂ ਰੱਖਿਆ ਹੈ, ਇਸ ਬਾਰੇ ਲੋਕ ਜਾਣਨਾ ਚਾਹੁੰਦੇ ਹਨ। 

ਭੂਟਾਨ ਦੱਖਣੀ ਏਸ਼ੀਆ ਦਾ ਇਕ ਸੈਰ-ਸਪਾਟੇ ਲਈ ਮਸ਼ਹੂਰ ਸਥਾਨ ਹੈ ਅਤੇ ਇੱਥੇ ਵੱਡੀ ਗਿਣਤੀ ਵਿਚ ਵਿਦੇਸ਼ੀ ਆਉਂਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਸਥਿਤੀ ਇੱਥੇ ਕੰਟਰੋਲ ਵਿੱਚ ਹੈ। ਭੂਟਾਨ ਸਰਕਾਰ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ਵਿਚ ਹੁਣ ਤਕ ਸਿਰਫ ਚਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਤੇ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ । ਫਲੂ ਦੀ ਜਾਂਚ ਲਈ ਦੇਸ਼ ਵਿਚ 46 ਕਲੀਨਿਕ ਹਨ ਅਤੇ ਹੁਣ ਤੱਕ 28,480 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਵਧੇਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਕੁਆਰੰਟੀਨ
ਭੂਟਾਨ ਵਿਚ ਇਕ ਸਖਤ ਕੁਆਰੰਟੀਨ ਨੀਤੀ ਲਾਗੂ ਕੀਤੀ ਗਈ ਹੈ। ਵਾਇਰਸ ਨਾਲ ਪੀੜਤ ਸਾਰੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਸੇ ਤੰਦਰੁਸਤ ਵਿਅਕਤੀ ਦੇ ਸੰਪਰਕ ਵਿਚ ਨਾ ਆਉਣ। ਭੂਟਾਨ ਨੇ ਇਸ ਮਹਾਂਮਾਰੀ ਤੋਂ ਬਚਣ ਲਈ ਆਪਣੇ-ਆਪ ਨੂੰ ਪਹਿਲਾਂ ਤੋਂ ਤਿਆਰ ਕਰ ਲਿਆ । ਭੂਟਾਨ ਨੇ 31 ਮਾਰਚ ਤੋਂ 21 ਦਿਨਾਂ ਲਈ ਕੁਆਰੰਟੀਨ ਵਧਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਵਿਚ ਦੋ ਕਿਸਮਾਂ ਦੇ ਕੁਆਰੰਟੀਨ ਕੇਂਦਰ ਹਨ, ਇਕ ਘਰ ਵਿਚ ਅਤੇ ਦੂਜਾ ਸਰਕਾਰੀ। ਕੁਆਰੰਟੀਨ ਲਾਕਡਾਊਨ ਦਾ ਵੀ ਇਕ ਰੂਪ ਹੈ। ਇਸ ਵਿਚ ਘਰੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਪਾਬੰਦੀ ਨਹੀਂ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਕੁਆਰੰਟੀਨ ਲਈ ਸਮਾਂ ਸੀਮਾ ਵਧਾ ਰਹੇ ਹਨ। ਸਾਵਧਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਕਿ ਭੂਟਾਨ ਆਪਣੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਸੰਪਰਕ ਤੋਂ ਬਚਾ ਸਕੇ।

ਯਾਤਰੀਆਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ
ਭੂਟਾਨ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 6 ਮਾਰਚ ਨੂੰ ਮਿਲਿਆ, ਜਿਸ ਤੋਂ ਬਾਅਦ ਭੂਟਾਨ ਦੀ ਸਰਕਾਰ ਨੇ ਸਾਰੇ ਪ੍ਰਭਾਵਿਤ ਲੋਕਾਂ ਉੱਤੇ ਤੁਰੰਤ ਪਾਬੰਦੀ ਲਗਾ ਦਿੱਤੀ। ਬੇਸ਼ੱਕ ਭੂਟਾਨ ਸਰਕਾਰ ਲਈ ਸੈਰ-ਸਪਾਟਾ ਇਕ ਬਹੁਤ ਵੱਡਾ ਕਮਾਈ ਦਾ ਸਾਧਨ ਹੈ ਪਰ ਭੂਟਾਨ ਦਾ ਸ਼ਾਸਨ ਚਲਾਉਣ ਵਾਲੇ ਬਾਹਰੀ ਦੁਨੀਆ ਨਾਲ ਘੱਟ ਸੰਬੰਧ ਰੱਖਣਾ ਚਾਹੁੰਦੇ ਹਨ ਤਾਂ ਜੋ ਇਸ ਸਮੇਂ ਉਨ੍ਹਾਂ ਦਾ ਦੇਸ਼ ਸੁਰੱਖਿਅਤ ਰਹੇ। ਇੱਥੇ ਸਰਕਾਰ ਪਹਿਲਾਂ ਵੀ ਸੈਲਾਨੀਆਂ ਦੀ ਗਿਣਤੀ ਨੂੰ ਸੀਮਤ ਹੀ ਰੱਖਦੀ ਹੈ। ਇੱਥੇ ਦੀ ਸਰਕਾਰ ਕੋਰੋਨਾ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਹੀ ਸਾਰੇ ਸਮਾਰੋਹਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਭਾਰਤ ਸਣੇ ਬਹੁਤ ਸਾਰੇ ਦੇਸ਼ਾਂ ਨੇ ਇਹ ਕਦਮ ਬਹੁਤ ਬਾਅਦ ਵਿਚ ਚੁੱਕਿਆ ਸੀ।

ਸਰਹੱਦਾਂ ਬੰਦ
ਭੂਟਾਨ ਵਿਚ ਰੋਜ਼ਾਨਾ ਕੋਲਕਾਤਾ ਤੋਂ ਫਲਾਈਟ ਰਾਹੀਂ ਤਕਰੀਬਨ 150 ਲੋਕ ਭੂਟਾਨ ਪਹੁੰਚਦੇ ਹਨ । ਦਾਰਜੀਲਿੰਗ ਤੋਂ ਸੜਕ ਰਾਹੀਂ ਇੱਥੇ 350 ਲੋਕ ਪੁੱਜਦੇ ਹਨ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਇਹ ਕਦਮ ਕਾਫੀ ਸਫਲ ਰਿਹਾ ਹੈ।

ਵਾਤਾਵਰਣ ਦੀ ਤਰਜੀਹ
ਸੰਯੁਕਤ ਰਾਸ਼ਟਰ ਦੇ ਵਾਤਾਵਰਣ ਮੁਖੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੁਦਰਤ ਨਾਲ ਛੇੜਛਾੜ ਕਰਨ ਕਰਕੇ ਮਨੁੱਖ ਹਮੇਸ਼ਾ ਅਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਲੋਕਾਂ ਲਈ ਇਹ ਸੋਚਣਾ ਗਲਤ ਹੈ ਕਿ ਸਿਹਤ ਦਾ ਵਾਤਾਵਰਣ ਦੀ ਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਦੋਂ ਕਿ ਸਾਡੀ ਸਿਹਤ ਪੂਰੀ ਤਰ੍ਹਾਂ ਮੌਸਮ, ਕੁਦਰਤ ਅਤੇ ਹੋਰ ਜੀਵਾਂ 'ਤੇ ਨਿਰਭਰ ਕਰਦੀ ਹੈ। ਰੁੱਖ ਲਗਾਉਣਾ ਭੂਟਾਨ ਵਿਚ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ, ਇੱਥੇ ਪਲਾਸਟਿਕ ਬੈਗਾਂ 'ਤੇ 1999 ਤੋਂ ਪਾਬੰਦੀ ਹੈ ਅਤੇ ਤੰਬਾਕੂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇੱਥੋਂ ਦੇ ਕਾਨੂੰਨ ਮੁਤਾਬਕ ਦੇਸ਼ ਦੇ 60% ਹਿਸੇ ਵਿੱਚ ਜੰਗਲ ਹੋਣੇ ਚਾਹੀਦੇ ਹਨ।

ਸਫਾਈ ਪ੍ਰਤੀ ਜਾਗਰੂਕ
ਭੂਟਾਨ ਦੇ ਰਾਜਾ ਸਫਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਤੇ ਆਪਣੇ ਜਨਮ ਦਿਨ 'ਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫਾਈ ਰੱਖਣ ਲਈ ਅਪੀਲ ਕਰਦੇ ਹਨ।

Lalita Mam

This news is Content Editor Lalita Mam