35 ਸਾਲਾਂ ਤੋਂ ਸਿੱਖੀ ਪ੍ਰਚਾਰ ਕਰ ਰਹੇ ਭਾਈ ਦਵਿੰਦਰ ਸਿੰਘ ਸੋਢੀ ਸਨਮਾਨਤ

08/08/2019 12:28:39 PM

ਰੋਮ,(ਕੈਂਥ)— ਸਿਰਮੌਰ ਧਾਰਮਿਕ ਸੰਸਥਾ ਕਲਤੂਰਾ ਸਿੱਖ ਇਟਲੀ ਵਲੋਂ ਮਹਾਨ ਪ੍ਰਚਾਰਕ ਅਤੇ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੂੰ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਪਿਛਲੇ 7 ਸਾਲਾਂ ਤੋਂ ਇਟਲੀ 'ਚ ਭਾਰਤੀ ਪੀੜੀ ਲੋਕਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਲਈ ਅਤੇ ਗੁਰਮਤਿ ਗਿਆਨ ਮੁਕਾਬਲੇ ਕਰਵਾ ਰਹੀ ਹੈ। ਇਸ ਦੇ ਨਾਲ ਹੀ ਯੂਰਪੀ ਲੋਕਾਂ ਨੂੰ  ਸਿੱਖ ਧਰਮ ਨਾਲ ਜੋੜਨ ਲਈ ਵੱਖ-ਵੱਖ ਦੇਸ਼ਾਂ ਦੀਆਂ ਭਾਸ਼ਾਵਾਂ 'ਚ ਕਿਤਾਬਾਂ ਛਾਪ ਕੇ ਮੁਫਤ ਵੀ ਵੰਡ ਰਹੀ ਹੈ। ਕਲਤੂਰਾ ਸਿੱਖ ਇਟਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਲਈ ਪੰਜਾਬ ਤੋਂ ਉਚੇਚੇ ਤੌਰ 'ਤੇ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੂੰ ਇਟਲੀ ਬੁਲਾਇਆ ਗਿਆ। ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਇੱਕ ਅਜਿਹੀ ਬਹੁਪੱਖੀ ਸ਼ਖ਼ਸੀਅਤ ਹਨ, ਜਿਹੜੇ ਕਿ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ 'ਚ ਪਿਛਲੇ 35 ਸਾਲਾਂ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪੂਰੀ ਦੁਨੀਆ 'ਚ ਬੁਲੰਦ ਕਰਦੇ ਰਹੇ ਹਨ। 

ਉਹ ਗਰੀਬ ਲੋੜਵੰਦਾਂ ਦੀ ਸਹਾਇਤਾ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਆਪਣੇ ਵੱਲੋਂ ਸੇਵਾ ਕਰਕੇ ਕਰਦੇ ਹਨ। ਇਸੇ ਲਈ ਉਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਦੀ ਚੱਲਦੀ-ਫਿਰਦੀ ਨਿਸ਼ਕਾਮੀ ਸੰਸਥਾ ਕਹਿਣਾ ਵੀ ਕੋਈ ਹੈਰਾਨੀਨੁਮਾ ਨਹੀਂ ਹੋਵੇਗਾ। ਜਿਹੜੇ ਪਰਿਵਾਰ ਗੁਰੂ ਸਾਹਿਬਾਨਾਂ ਨਾਲ ਬਹੁਤ ਨੇੜਤਾ ਰੱਖਦੇ ਹਨ, ਉਨ੍ਹਾਂ ਨੂੰ ਮਿਲ ਕੇ ਉਹ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਇਕੱਠੀਆਂ ਕਰਦੇ ਹਨ। ਇਸ ਖੋਜ ਸੇਵਾ ਰਾਹੀਂ ਭਾਈ ਸਾਹਿਬ ਨੇ 100 ਤੋਂ ਵੱਧ ਨਿਸ਼ਾਨੀਆਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ। 

ਭਾਈ ਦਵਿੰਦਰ ਸਿੰਘ ਸੋਢੀ ਹੁਰਾਂ ਵੱਲੋਂ ਕਰਵਾਏ ਜਾਂਦੇ ਵਿਸ਼ਾਲ ਕੀਰਤਨ ਸਮਾਗਮਾਂ 'ਚ 'ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ' ਵੀ ਇੱਕ ਵਿਸ਼ੇਸ਼ ਹੈ, ਜਿਸ 'ਚ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੀਆਂ ਹਨ।ਭਾਈ ਸਾਹਿਬ ਨੇ ਆਪਣੇ ਘਰ ਦਾ ਨਾਮ ਵੀ 'ਕੀਰਤਨ ਨਿਵਾਸ' ਰੱਖਿਆ ਹੋਇਆ ਹੈ, ਜਿੱਥੇ ਕਿ ਸਵਾਗਤੀ ਕਮਰੇ ਨੂੰ ਕੀਰਤਨੀ ਸਾਜਾਂ ਨਾਲ ਸਜਾਇਆ ਹੋਇਆ ਹੈ।