ਐਮਾਜ਼ੋਨ ਦੀ ਮਦਦ ਨਾਲ ਅਰਬਪਤੀ ਬਣ ਗਿਆ ਟਰੱਕ ਡਰਾਈਵਰ

10/14/2019 8:24:17 PM

ਟੋਕੀਓ - ਟੀ. ਬੀ. ਬੀਮਾਰੀ ਨਾਲ ਨਜਿੱਠ ਰਹੀ ਬੀਮਾਰ ਮਾਂ ਦੀ ਮਦਦ ਲਈ ਸਿਰਫ 12 ਸਾਲ ਦੀ ਉਮਰ 'ਚ ਮਾਸਰੂ ਵਾਸਮੀ ਨੇ ਸਬਜ਼ੀ ਦੀ ਦੁਕਾਨ 'ਚ ਕੰਮ ਕੀਤਾ ਸੀ। ਇਸ ਤੋਂ 3 ਸਾਲ ਬਾਅਦ ਉਸ ਨੇ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਅਤੇ ਪੈਸੇ ਕਮਾਉਣ ਲਈ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਉਹ ਅਰਬਪਤੀ ਹੈ। ਸਾਲ 1970 'ਚ ਉਸ ਨੇ ਇਕ ਟਰੱਕ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਕੁਝ ਸਾਲਾਂ ਦੇ ਅੰਦਰ ਉਸ ਨੇ ਮਾਰੂਵਾ ਓਨਯੂ ਕਿਕਾਨ ਕੰਪਨੀ ਬਣਾ ਲਈ, ਜਿਸ ਦੇ ਹੁਣ 100 ਤੋਂ ਜ਼ਿਆਦਾ ਟਰੱਕ ਸੜਕਾਂ 'ਤੇ ਚੱਲ ਰਹੇ ਸਨ।

ਅੱਜ ਉਸ ਦੀ ਕੰਪਨੀ ਜਾਪਾਨ 'ਚ ਸੁਪਰ ਮਾਰਕਿਟ ਅਤੇ ਦਵਾਈਆਂ ਦੇ ਸਟੋਰ 'ਤੇ ਸਪਲਾਈ ਦਿੰਦੀ ਹੈ। ਮਾਸਰੂ ਵਾਸਮੀ ਦੇ ਅਰਬਪਤੀ ਬਣਨ 'ਚ ਐਮਾਜ਼ੋਨ ਡਾਟ ਕਾਮ ਨੇ ਵੀ ਕਾਫੀ ਮਦਦ ਕੀਤੀ ਹੈ। ਐਮਾਜ਼ੋਨ ਨੇ ਉਨ੍ਹਾਂ ਦੀ ਫਰਮ ਨੂੰ ਸਾਲ 2017 'ਚ ਦੇਸ਼ ਭਰ 'ਚ ਸੇਮ-ਡੇਅ ਡਿਲਵਰੀ ਸਰਵਿਸ ਲਈ ਇਨਲਿਸਟ ਕੀਤਾ ਸੀ। ਵਾਸਮੀ ਨੇ ਇਕ ਇੰਟਰਵਿਊ 'ਚ ਉਸ ਰਾਤ ਦਾ ਜ਼ਿਕਰ ਕਰਦੇ ਆਖਿਆ ਕਿ ਜਦ ਉਸ ਨੂੰ ਇਸ ਨਵੇਂ ਕਾਰੋਬਾਰ ਦਾ ਆਈਡੀਆ ਆਇਆ ਸੀ। ਉਸ ਨੇ ਆਖਿਆ ਕਿ ਉਸ ਰਾਤ ਮੈਂ ਸੋ ਨਾ ਸਕਿਆ। ਉਸ ਨੇ ਦੱਸਿਆ ਕਿ ਆਪਣੇ ਇਕ ਦੋਸਤ ਦੇ ਨਾਲ ਆਪਣੇ ਟਰੱਕ 'ਚ ਸਮਾਨ ਡਿਲੀਵਰੀ ਦਾ ਕੰਮ ਸ਼ੁਰੂ ਕੀਤਾ।



ਟੋਕੀਓ ਰਿਸਰਚ ਇੰਸਟੀਚਿਊਟ ਕੰਪਨੀ ਦੇ ਮਾਹਿਰ ਕੇਨਜ਼ੀ ਕਨਾਈ ਨੇ ਐਮਾਜ਼ੋਨ ਦੇ ਨਾਲ 74 ਸਾਲਾ ਵਾਸਮੀ ਦੀ ਡੀਲ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਉਹ ਹਮੇਸ਼ਾ ਜਿੱਤਣ ਵਾਲੇ ਮੌਕਿਆਂ ਦੀ ਭਾਲ 'ਚ ਰਹਿੰਦੇ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਆਨਲਾਈਨ ਰਿਟੇਲਰ ਦੇ ਨਾਲ ਉਨ੍ਹਾਂ ਦੀ ਸਾਂਝੇਦਾਰੀ ਕਾਰਨ ਉਨ੍ਹਾਂ ਦੀ ਕੰਪਨੀ ਮਾਰੂਵਾ ਦੇ ਸ਼ੇਅਰ ਕਾਫੀ ਵਧ ਗਏ ਅਤੇ ਇਸ ਸਾਲ ਉਨ੍ਹਾਂ ਦੀ ਕੀਮਤ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ। ਵਾਸਾਮੀ ਕੋਲ ਕੰਪਨੀ ਦੇ ਕਰੀਬ 60 ਫੀਸਦੀ ਸ਼ੇਅਰ ਹਨ, ਜਿਸ ਨਾਲ ਉਨ੍ਹਾਂ ਦੀ ਨੈੱਟ ਵਰਥ ਇਕ ਅਰਬ ਡਾਲਰ ਹੋ ਗਈ।

ਐਮਾਜ਼ੋਨ ਅਤੇ ਹੋਰ ਈ-ਕਾਮਰਸ ਕੰਪਨੀਆਂ ਦੇ ਬਾਜ਼ਾਰ 'ਚ ਆਪਣੀ ਪਕੜ ਬਣਾਉਣ ਕਾਰਨ ਬੀਤੇ ਦਹਾਕੇ 'ਚ ਲੋਕਾਂ ਨੇ ਕਾਫੀ ਪੈਸੇ ਕਮਾਏ ਹਨ। ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੁਲ ਜਾਇਦਾਦ 107.7 ਅਰਬ ਡਾਲਰ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਦੀ ਤਲਾਕਸ਼ੁਦਾ ਪਤਨੀ ਮੈਕੇਂਜੀ ਬੋਜੇਸ ਕੋਲ 4 ਫੀਸਦੀ ਸ਼ੇਅਰ ਹਨ ਅਤੇ ਉਨ੍ਹਾਂ ਦੀ ਜਾਇਦਾਦ 34.6 ਅਰਬ ਡਾਲਰ ਹੈ। ਪਿਛਲੇ ਮਹੀਨੇ ਈ-ਕਾਮਰਸ ਕੰਪਨੀ ਅਲੀਬਾਬਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਜੈਕ ਮਾ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਹਨ। ਇਸ ਤਰ੍ਹਾਂ ਫਲਿਪਕਾਰਟ ਦੇ 2 ਸਹਿ ਸੰਸਥਾਪਕ ਵੀ ਬੀਤੇ ਸਾਲ ਉਸ ਸਮੇਂ ਅਰਬਪਤੀਆਂ ਦੀ ਲਿਸਟ 'ਚ ਸ਼ਾਮਲ ਹੋ ਗਏ ਸਨ, ਜਦ ਵਾਲਮਾਰਟ ਇੰਕ ਨੇ ਭਾਰਤੀ ਈ-ਕਾਮਰਸ ਦੇ ਸਟੋਕ ਨੂੰ ਆਪਣੇ ਕੰਟਰੋਲ 'ਚ ਲਿਆ ਸੀ।

Khushdeep Jassi

This news is Content Editor Khushdeep Jassi