ਬੰਗਲਾਦੇਸ਼ : 1971 'ਚ ਹੋਏ ਕਤਲੇਆਮ ਦੇ ਵਿਰੋਧ ਵਜੋਂ ਢਾਕਾ 'ਚ ਕੱਢੀ ਗਈ ਸਾਇਕਲ ਰੈਲੀ

12/15/2020 12:47:04 PM

ਢਾਕਾ (ਬਿਊਰੋ):  ਪਾਕਿਸਤਾਨ ਦੇ ਮਿਲਟਰੀ ਬਲਾਂ ਵੱਲੋਂ ਸਾਲ 1971 ਵਿਚ ਕੀਤੇ ਗਏ ਕਤਲੇਆਮ ਦੇ ਵਿਰੋਧ ਵਿਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸੋਮਵਾਰ ਨੂੰ ਸਾਇਕਲ ਰੈਲੀ ਆਯੋਜਿਤ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀ ਲੋਕ ਪਾਕਿਸਤਾਨੀ ਬਲਾਂ ਤੋਂ ਸਾਲ 1971 ਵਿਚ ਕੀਤੀ ਗਈ ਬੇਰਹਿਮੀ ਦੇ ਲਈ ਮੁਆਫੀ ਮੰਗਣ ਦੀ ਆਵਾਜ਼ ਬੁਲੰਦ ਕਰ ਰਹੇ ਸਨ। ਇਸ ਸਾਇਕਲ ਰੈਲੀ ਦਾ ਆਯੋਜਨ ਭਾਰਤ-ਬੰਗਲਾਦੇਸ਼ ਸੰਪ੍ਰੀਤੀ ਸੰਸਦ ਦੇ ਜਨਰਲ ਸਕੱਤਰ ਤੌਫੀਕ ਅਹਿਦਮ ਤਫਸੀਰ ਵੱਲੋਂ ਕੀਤਾ ਗਿਆ ਸੀ।

ਇਸ ਰੈਲੀ ਵਿਚ 120 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਹਨਾਂ ਲੋਕਾਂ ਨੇ ਹੱਥ ਵਿਚ ਬੈਨਰ ਅਤੇ ਡਿਸਪਲੇ ਕਾਰਡ ਫੜੇ ਹੋਏ ਸਨ, ਜਿਹਨਾਂ 'ਤੇ ਲਿਖਿਆ ਸੀ ਕਿ ਪਾਕਿਸਤਾਨ ਦੀ ਬੇਰਹਿਮੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਬੰਗਾਲੀ ਬੁੱਧੀਜੀਵੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਤਫਸੀਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸਾਇਕਲ 'ਤੇ ਸਵਾਰ ਹੋ ਕੇ ਨਿਕੇਟੋਨ (Hatirjheel) ਤੋਂ ਗੁਲਸ਼ਨ ਐਵੀਨਿਊ ਤੱਕ ਰੈਲੀ ਕੱਢੀ। ਪ੍ਰਦਰਸ਼ਨਕਾਰੀ ਪਾਕਿਸਤਾਨ ਦੀ ਸਾਜਿਸ਼ ਦੇ ਖਿਲਾਫ਼ ਨਿਆਂ ਦੀ ਮੰਗ ਕਰ ਰਹੇ ਸਨ।ਅਸਲ ਵਿਚ 25 ਮਾਰਚ, 1971 ਨੂੰ ਪਾਕਿਸਤਾਨ ਦੀ ਸੈਨਾ ਵੱਲੋ ਚਲਾਏ ਗਏ ਆਪਰੇਸ਼ਨ ਸਰਚਲਾਈਟ ਦੇ ਤਹਿਤ ਬੰਗਾਲੀ ਲੋਕਾਂ ਦਾ ਕਤਲੇਆਮ ਕਰਦਿਆਂ ਇਕ ਹੀ ਰਾਤ ਵਿਚ ਲੱਗਭਗ ਇਕ ਲੱਖ ਬੰਗਾਲੀ ਲੋਕਾਂ ਨੂੰ ਮਾਰ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਰੂਸ : ਰਿਟਾਇਰਮੈਂਟ ਹੋਮ 'ਚ ਲੱਗੀ ਅੱਗ, 11 ਬਜ਼ੁਰਗਾਂ ਦੀ ਦਰਦਨਾਕ ਮੌਤ

ਇਸ ਹਮਲੇ ਵਿਚ ਸਿੱਖਿਆ ਦੇ ਖੇਤਰ ਨਾਲ ਸਬੰਧਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹਨਾਂ ਵਿਚ ਸਕਾਲਰਜ਼ ਖਾਸ ਕਰ ਕੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਮਾਰੇ ਗਏ। ਇਸ ਦੌਰਾਨ ਇਕ ਪ੍ਰਦਰਸ਼ਨ ਅਮਰੀਕਾ ਵਿਚ ਵੀ ਆਯੋਜਿਤ ਕੀਤਾ ਗਿਆ ਸੀ। ਅਮਰੀਕਾ ਵਿਚ ਬੰਗਾਲੀ ਸੰਸਥਾ ਨੇ ਦੱਖਣੀ ਏਸ਼ੀਆ ਦੇ ਘੱਟ ਗਿਣਤੀਆਂ ਦੇ ਨਾਲ ਮਿਲ ਕੇ ਵਾਸ਼ਿੰਗਟਨ ਵਿਚ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਵਿਚ ਉਹ ਸਾਲ 1971 ਆਪਰੇਸ਼ਨ ਸਰਚਲਾਈਟ ਦੇ ਤਹਿਤ ਬੰਗਲਾਦੇਸ਼ ਵਿਚ ਹੋਏ ਕਤਲੇਆਮ ਨੂੰ ਲੈ ਕੇ ਮੁਆਫੀ ਮੰਗਣ ਦੀ ਮੰਗ ਕਰ ਰਹੇ ਸਨ। ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਇਸ ਦੌਰਾਨ ਝੰਡੇ ਅਤੇ ਡਿਸਪਲੇ ਕਾਰਡ ਫੜੇ ਹੋਏ ਪਾਕਿਸਤਾਨ ਦੇ ਵਿਰੋਧ ਵਿਚ ਨਾਅਰੇ ਲਗਾਉਂਦਿਆਂ ਪ੍ਰਦਰਸ਼ਨ ਕੀਤਾ।

ਨੋਟ- 1971 'ਚ ਹੋਏ ਕਤਲੇਆਮ ਦੇ ਵਿਰੋਧ 'ਚ ਢਾਕਾ 'ਚ ਸਾਇਕਲ ਰੈਲੀ ਆਯੋਜਿਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana