ਚੀਨ 'ਚ ਸਹਿਮੇ 171 ਬੰਗਲਾਦੇਸ਼ੀ, ਉਡਾਣ ਲਈ ਤਿਆਰ ਨਹੀਂ ਢਾਕਾ ਦਾ ਕੋਈ ਜਹਾਜ਼

02/09/2020 2:10:36 PM

ਬੀਜਿੰਗ/ਢਾਕਾ— ਕੋਰੋਨਾਵਾਇਰਸ ਕਾਰਨ ਚੀਨ ਜਾਣ ਲਈ ਕਿਸੇ ਜਹਾਜ਼ ਦਾ ਪ੍ਰਬੰਧ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਬੰਗਲਾਦੇਸ਼ ਨੇ ਉੱਥੇ ਫਸੇ ਆਪਣੇ 171 ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਰੱਦ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੇ ਸਾਹ ਸੁੱਕਦੇ ਜਾ ਰਹੇ ਹਨ ਕਿ ਪਤਾ ਨਹੀਂ ਉਨ੍ਹਾਂ ਦਾ ਕੀ ਹੋਵੇਗਾ।

ਸਰਕਾਰੀ 'ਵਿਮਾਨ ਏਅਰਲਾਈਨਜ਼' ਦਾ ਬੋਇੰਗ 777-300 ਈ. ਆਰ. ਜਹਾਜ਼ ਇਕ ਫਰਵਰੀ ਨੂੰ 12 ਬੱਚਿਆਂ ਅਤੇ 3 ਨਵਜੰਮੇ ਬੱਚਿਆਂ ਸਣੇ 312 ਬੰਗਲਾਦੇਸ਼ੀ ਨਾਗਰਿਕਾਂ ਨੂੰ ਚੀਨ ਤੋਂ ਵਾਪਸ ਲਿਆਇਆ ਸੀ।

ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਕਿਹਾ,''ਅਸੀਂ ਫਿਲਹਾਲ ਕੋਈ ਜਹਾਜ਼ ਨਹੀਂ ਭੇਜ ਸਕਦੇ। ਜਹਾਜ਼ ਚਾਲਕਾਂ ਦੀ ਟੀਮ ਦਾ ਕੋਈ ਮੈਂਬਰ ਉੱਥੇ ਜਾਣ ਲਈ ਤਿਆਰ ਨਹੀਂ ਹੈ। ਇਸ ਲਈ ਉੱਥੇ ਫਸੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ।''

ਸਰਕਾਰ ਨੇ ਦੱਸਿਆ ਕਿ ਅਜਿਹੇ 171 ਬੰਗਲਾਦੇਸ਼ੀ ਹਨ ਜੋ ਦੇਸ਼ ਵਾਪਸ ਆਉਣਾ ਚਾਹੁੰਦੇ ਹਨ ਪਰ ਅਜੇ ਉਨ੍ਹਾਂ ਨੂੰ ਉੱਥੇ ਹੀ ਰਹਿਣਾ ਪਵੇਗਾ। ਉਨ੍ਹਾਂ ਕੋਲ ਖਾਣ-ਪੀਣ ਦੇ ਸਾਮਾਨ ਦੀ ਵੀ ਕਾਫੀ ਕਮੀ ਹੈ। ਉਨ੍ਹਾਂ ਦੱਸਿਆ ਕਿ ਚੀਨੀ ਅਧਿਕਾਰੀ ਉਨ੍ਹਾਂ 32 ਸਥਾਨਾਂ 'ਤੇ ਖਾਦ ਪਦਾਰਥ ਭੇਜ ਰਹੇ ਹਨ, ਜਿੱਥੇ ਬੰਗਲਾਦੇਸ਼ੀ ਰਹਿੰਦੇ ਹਨ। ਬੀਜਿੰਗ 'ਚ ਬੰਗਲਾਦੇਸ਼ੀ ਦੂਤਘਰ ਉੱਥੇ ਫਸੇ ਬੰਗਲਾਦੇਸ਼ੀਆਂ ਦੇ ਸੰਪਰਕ 'ਚ ਹੈ। ਰਿਪੋਰਟ ਮੁਤਾਬਕ ਸਿਰਫ ਚੀਨੀ ਚਾਰਟਡ ਜਹਾਜ਼ ਹੀ ਇਨ੍ਹਾਂ ਨੂੰ ਵਾਪਸ ਲਿਆ ਸਕਦਾ ਹੈ। ਉਨ੍ਹਾਂ ਕਿਹਾ,''ਚੀਨੀ ਅਧਿਕਾਰੀਆਂ ਨੇ ਪਹਿਲਾਂ ਇਸ 'ਤੇ ਸਹਿਮਤੀ ਪ੍ਰਗਟਾਈ ਸੀ ਪਰ ਬਾਅਦ 'ਚ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਚੀਨ 'ਚ ਇਸ ਵਾਇਰਸ ਕਾਰਨ 811 ਲੋਕਾਂ ਦੀ ਮੌਤ ਹੋ ਚੁੱਕੀ ਹੈ।