CAA ਅਤੇ NRC ਭਾਰਤ ਦਾ ਅੰਦਰੂਨੀ ਮੁੱਦਾ : ਬੰਗਲਾਦੇਸ਼ੀ ਵਿਦੇਸ਼ ਮੰਤਰੀ

12/22/2019 5:51:33 PM

ਢਾਕਾ (ਬਿਊਰੋ): ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮਿਨ ਦਾ ਕਹਿਣਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਟ੍ਰੇਸ਼ਨ (NRC) ਭਾਰਤ ਦੇ ਅੰਦਰੂਨੀ ਮੁੱਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਦੇਸ਼ ਵਿਚ ਅਨਿਸ਼ਚਿਤਤਾ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਗੁਆਂਢੀ ਦੇਸ਼ਾਂ 'ਤੇ ਅਸਰ ਪਾ ਸਕਦੀ ਹੈ। ਭਾਰਤ ਵਿਚ ਸੀ.ਏ.ਏ. ਕਾਨੂੰਨ 'ਤੇ ਵੱਧਦੇ ਪ੍ਰਦਰਸ਼ਨਾਂ ਵਿਚ ਮੋਮਿਨ ਨੇ ਆਸ ਜ਼ਾਹਰ ਕੀਤੀ ਕਿ ਸਥਿਤੀ ਵਿਚ ਨਰਮੀ ਆਵੇਗੀ ਅਤੇ ਭਾਰਤ ਇਸ ਸਮੱਸਿਆ ਤੋਂ ਬਾਹਰ ਨਿਕਲ ਜਾਵੇਗਾ। 

ਸੀ.ਏ.ਏ. ਦੇ ਮੁਤਾਬਕ 31 ਦਸੰਬਰ, 2014 ਤੱਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਅੱਤਿਆਚਾਰ ਤੋਂ ਭੱਜ ਕੇ ਆਏ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਮੋਮਿਨ ਨੇ ਅੱਗੇ ਕਿਹਾ,''ਸੀ.ਏ.ਏ. ਅਤੇ ਐੱਨ.ਆਰ.ਸੀ. ਭਾਰਤ ਦੇ ਅੰਦਰੂਨੀ ਮੁੱਦੇ ਹਨ। ਭਾਰਤ ਸਰਕਾਰ ਨੇ ਸਾਨੂੰ ਬਾਰ-ਬਾਰ ਭਰੋਸਾ ਦਿਵਾਇਆ ਹੈ ਕਿ ਇਹ ਉਹਨਾਂ ਦੇ ਘਰੇਲੂ ਮੁੱਦੇ ਹਨ, ਉਹ ਕਾਨੂੰਨੀ ਅਤੇ ਹੋਰ ਕਾਰਨਾਂ ਕਰ ਕੇ ਅਜਿਹਾ ਕਰ ਰਹੇ ਹਨ।''

ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਹਾਲਤ ਵਿਚ ਇਸ ਦਾ ਅਸਰ ਬੰਗਲਾਦੇਸ਼ 'ਤੇ ਨਹੀਂ ਪਵੇਗਾ। ਮੰਤਰੀ ਨੇ ਦੁਹਰਾਇਆ ਕਿ ਉਹਨਾਂ ਦਾ ਦੇਸ਼ ਭਾਰਤ 'ਤੇ ਪੂਰਾ ਭਰੋਸਾ ਕਰਦਾ ਹੈ।ਭਾਵੇਂਕਿ ਉਹਨਾਂ ਨੇ ਕਿਹਾ,''ਅਸੀਂ ਭਾਰਤ ਦੇ ਨੰਬਰ ਵਨ ਦੋਸਤ ਹਾਂ। ਜੇਕਰ ਭਾਰਤ ਵਿਚ ਅਨਿਸ਼ਚਿਤਤਾ ਦੀ ਸਥਿਤੀ ਹੈ ਤਾਂ ਉਸ ਦਾ ਅਸਰ ਉਸ ਦੇ ਗੁਆਂਢੀਆਂ 'ਤੇ ਪੈਣ ਦਾ ਖਦਸ਼ਾ ਹੈ। ਜਦੋਂ ਅਮਰੀਕਾ ਵਿਚ ਆਰਥਿਕ ਮੰਦੀ ਆਉਂਦੀ ਹੈ ਤਾਂ ਇਸ ਨਾਲ ਕਈ ਦੇਸ਼ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਅਸੀਂ ਗਲੋਬਲ ਦੁਨੀਆ ਵਿਚ ਜਿਉਂਦੇ ਹਾਂ। ਸਾਡਾ ਡਰ ਹੈ ਕਿ ਜੇਕਰ ਭਾਰਤ ਵਿਚ ਅਨਿਸ਼ਚਤਤਾ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਇਸ ਦਾ ਅਸਰ ਗੁਆਂਢੀ ਦੇਸ਼ਾਂ 'ਤੇ ਪੈ ਸਕਦਾ ਹੈ।''

Vandana

This news is Content Editor Vandana