ਅੱਤਵਾਦੀ ਹਮਲਿਆਂ ਨਾਲ ਦਹਿਲਿਆ ਪਾਕਿਸਤਾਨ, ਮਨਾ ਰਿਹੈ 'ਸੋਗ ਦਿਵਸ'

07/15/2018 6:12:29 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ 'ਚ ਬੀਤੇ ਦਿਨੀਂ ਚੋਣ ਰੈਲੀਆਂ ਵਿਚ ਹੋਏ ਧਮਾਕਿਆਂ 'ਚ ਮਾਰੇ ਗਏ ਲੋਕਾਂ ਲਈ ਪਾਕਿਸਤਾਨ 'ਚ ਅੱਜ ਭਾਵ ਐਤਵਾਰ ਨੂੰ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ। ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਐਤਵਾਰ ਨੂੰ 'ਸੋਗ ਦਿਵਸ' ਐਲਾਨ ਕੀਤਾ ਗਿਆ ਹੈ। ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੇ ਸਨਮਾਨ 'ਚ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਬਲੋਚਿਸਤਾਨ  ਸਰਕਾਰ ਨੇ ਮਾਸਤੁੰਗ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ 3 ਦਿਨਾ ਸੋਗ ਦਾ ਐਲਾਨ ਕੀਤਾ ਹੈ। 
ਇਸ ਹਮਲੇ ਵਿਚ ਬਲੋਚਿਸਤਾਨ ਅਵਾਮੀ ਪਾਰਟੀ ਦੇ ਉਮੀਦਵਾਰ ਨਵਾਬਜ਼ਦਾ ਸਿਰਾਜ ਰਾਇਸਾਨੀ ਸਮੇਤ 128 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਬਲੋਚਿਸਤਾਨ ਅੱਤਵਾਦੀ ਹਮਲੇ ਤੋਂ ਪਹਿਲਾਂ ਖੈਬਰ ਪਖਤੂਨਖਵਾ ਦੇ ਬਨੂੰ ਇਲਾਕੇ ਵਿਚ ਮੁੱਤਾਹਿਦਾ ਮਜਲਿਸ ਅਮਾਲ ਨੇਤਾ ਅਕਰਮ ਖਾਨ ਦੁਰਾਨੀ ਦੀ ਰੈਲੀ 'ਚ ਧਮਾਕਾ ਹੋਇਆ ਸੀ। ਇਸ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਦੁਰਾਨੀ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦਾ ਵਾਹਨ ਨੁਕਸਾਨਿਆ ਗਿਆ।ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੋ ਅੱਤਵਾਦੀ ਹਮਲਿਆਂ ਨੇ ਦੇਸ਼ ਤੋਂ ਲੈ ਕੇ ਦੁਨੀਆ ਤਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਲ 2014 'ਚ ਪੇਸ਼ਾਵਰ ਦੇ ਫੌਜੀ ਪਬਲਿਕ ਸਕੂਲ ਵਿਚ ਹੋਏ ਕਤਲੇਆਮ ਤੋਂ ਬਾਅਦ ਇਹ ਸਭ ਤੋਂ ਭਿਆਨਕ ਹਮਲਾ ਸੀ।