ਬਾਲੀ ਜਵਾਲਾਮੁਖੀ ਸੰਕਟ: ਆਸਟ੍ਰੇਲੀਆਈ ਏਅਰਲਾਈਨਜ਼ ਸਮੇਤ ਹੋਰਾਂ ਨੇ ਉਡਾਣਾਂ ਕੀਤੀਆਂ ਬਹਾਲ

12/04/2017 12:11:02 PM

ਕਾਰਾਂਗਾਸੇਮ/ਇੰਡੋਨੇਸ਼ੀਆ(ਭਾਸ਼ਾ)— ਬਾਲੀ ਦੇ ਮਾਊਂਟ ਆਗੁੰਗ ਜਵਾਲਾਮੁਖੀ 'ਚੋਂ ਜਲਵਾਸ਼ਪ ਨਿਕਲਣ ਕਾਰਨ ਸੁਆਹ ਦਾ ਨਿਕਲਣਾ ਘੱਟ ਹੋਣ ਤੋਂ ਬਾਅਦ ਉਡਾਣਾਂ ਬਹਾਲ ਹੋ ਗਈਆਂ ਹਨ। ਪਿਛਲੇ ਹਫਤੇ ਬਾਲੀ ਲਈ ਆਪਣੀਆਂ ਉਡਾਣਾਂ ਰੱਦ ਕਰਣ ਵਾਲੀ ਆਸਟ੍ਰੇਲੀਆਈ ਏਅਰਲਾਈਨਜ਼ ਨੇ ਆਪਣੀ ਸੇਵਾਵਾਂ ਫਿਰ ਤੋਂ ਬਹਾਲ ਕਰ ਦਿੱਤੀਆਂ ਹਨ।
ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਨੇ ਅੱਜ ਭਾਵ ਸੋਮਵਾਰ ਨੂੰ ਕਿਹਾ ਕਿ ਜਵਾਲਾਮੁਖੀ ਆਪਣੇ ਹਾਈ ਅਲਰਟ ਉੱਤੇ ਹੈ ਪਰ ਬਾਲੀ ਦਾ ਜ਼ਿਆਦਾਤਰ ਹਿੱਸਾ ਸੈਲਾਨੀਆਂ ਲਈ ਸੁਰੱਖਿਅਤ ਹੈ। ਜਵਾਲਾਮੁਖੀ ਤੋਂ ਕੁੱਝ ਦਿਸ਼ਾਵਾਂ ਵਿਚ ਹੁਣ ਵੀ 10 ਕਿਲੋਮੀਟਰ ਦੇ ਖੇਤਰ ਵਿਚ ਲੋਕਾਂ ਦੀ ਆਵਾਜਾਈ ਨੂੰ ਬੰਦ ਰੱਖਿਆ ਗਿਆ ਹੈ। 55,000 ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਏਅਰਲਾਈਨਜ਼ ਜੈਟਸਟਾਰ ਅਤੇ ਵਰਜਿਨ ਆਸਟ੍ਰੇਲੀਆ ਨੇ ਪਿਛਲੇ ਹਫਤੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ ਪਰ ਅੱਜ ਤੋਂ ਉਹ ਆਪਣੀ ਸੇਵਾਵਾਂ ਬਹਾਲ ਕਰ ਰਹੇ ਹਨ।