ਖਰਾਬ ਮੂਡ ਵੀ ਤੁਹਾਡੇ ਲਈ ਹੋ ਸਕਦੈ ਚੰਗਾ ਸਾਬਤ : ਅਧਿਐਨ

07/17/2018 5:32:41 PM

ਟੋਰਾਂਟੋ— ਖਰਾਬ ਮੂਡ ਵੀ ਕਿਸੇ ਹੱਦ ਤਕ ਸਾਡੇ ਲਈ ਚੰਗਾ ਸਾਬਤ ਹੋ ਸਕਦਾ ਹੈ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਜੀ ਹਾਂ, ਖਰਾਬ ਮੂਡ ਕੁਝ ਲੋਕਾਂ ਦੇ ਕੰਮ-ਕਾਜ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾ ਸਕਦਾ ਹੈ, ਜਿਸ 'ਚ ਧਿਆਨ ਕੇਂਦਰਿਤ ਕਰਨਾ, ਸਮੇਂ ਦਾ ਪਾਬੰਦ ਹੋਣਾ ਅਤੇ ਕੰਮਾਂ ਦੀ ਤਰਜੀਹ ਤੈਅ ਕਰਨਾ ਆਦਿ ਸਮਰੱਥਾਵਾਂ ਸ਼ਾਮਲ ਹਨ। ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਮਾਮਲਿਆਂ ਵਿਚ ਕੰਮ-ਕਾਜ ਕਰਨ 'ਤੇ ਚੰਗੇ ਮੂਡ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ। 
ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਪਤਾ ਲਾਇਆ ਹੈ ਕਿ ਇਨਸਾਨ ਦੀਆਂ ਭਾਵਨਾਤਮਕ ਪ੍ਰਤੀਕਿਰਿਆਵਾਂ ਇਹ ਤੈਅ ਕਰਦੀਆਂ ਹਨ ਕਿ ਕਿਸ ਤਰ੍ਹਾਂ ਸਾਡਾ ਮੂਡ ਸੋਚਣ ਸਮਝਣ ਦੇ ਹੁਨਰ ਨੂੰ ਪ੍ਰਭਾਵਿਤ ਕਰਦਾ ਹੈ। ਸ਼ੋਧ 'ਚ 95 ਲੋਕ ਸ਼ਾਮਲ ਹੋਏ। ਸਾਰਿਆਂ ਨੇ 9 ਵੱਖ-ਵੱਖ ਕੰਮ ਕੀਤੇ ਅਤੇ ਪ੍ਰਸ਼ਨਾਵਲੀ ਪੂਰੀ ਕੀਤੀ। ਇਨ੍ਹਾਂ ਦੇ ਆਧਾਰ 'ਤੇ ਮੂਡ, ਭਾਵਨਾਤਮਕ ਪ੍ਰਤੀਕਿਰਿਆ ਅਤੇ ਵੱਖ-ਵੱਖ ਕੰਮਕਾਜੀ ਯਾਦ ਸ਼ਕਤੀ ਅਤੇ ਚੁਣੌਤੀਆਂ ਦੀ ਆਪਸੀ ਕਿਰਿਆ ਦਾ ਮੁਲਾਂਕਣ ਕੀਤਾ ਗਿਆ। ਵਾਟਰਲੂ ਯੂਨੀਵਰਸਿਟੀ ਦੇ ਪ੍ਰੋਫੈਸਰ ਤਾਰਾ ਮੈਕਆਲੇ ਨੇ ਕਿਹਾ ਕਿ ਨਤੀਜਿਆਂ 'ਚ ਪਤਾ ਲਗਾ ਹੈ ਕਿ ਕੁਝ ਲੋਕਾਂ ਲਈ ਖਰਾਬ ਮੂਡ ਅਸਲ ਵਿਚ ਉਨ੍ਹਾਂ ਦੀ ਸੋਚਣ ਸਮਝਣ ਦੀ ਸਮਰੱਥਾ ਨੂੰ ਧਾਰ ਦੇਣ ਦਾ ਕੰਮ ਕਰਦਾ ਹੈ, ਅਜਿਹੀਆਂ ਸਮਰੱਥਾਵਾਂ ਜੋ ਰੋਜ਼ਾਨਾ ਦੀ ਜ਼ਿੰਦਗੀ ਲਈ ਮਹੱਤਵਪੂਰਨ ਹਨ।