ਘਰ ਨੂੰ ਲੱਗੀ ਅੱਗ ਕਾਰਨ 5 ਮਹੀਨਿਆਂ ਦੇ ਮਾਸੂਮ ਨੇ ਤੋੜਿਆ ਦਮ, ਮਾਪਿਆਂ ਤੋਂ ਸਦਾ ਲਈ ਦੂਰ ਹੋ ਗਿਆ ਪੁੱਤ

08/23/2017 3:20:16 PM

ਐਡਮਿੰਟਨ— ਕੈਨੇਡਾ ਦੇ ਦੱਖਣੀ-ਪੱਛਮੀ ਐਡਮਿੰਟਨ 'ਚ ਮੰਗਲਵਾਰ ਭਾਵ ਕੱਲ ਇਕ ਘਰ ਨੂੰ ਭਿਆਨਕ ਅੱਗ ਲੱਗ ਗਈ ਸੀ। ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਤੋਂ ਬਾਅਦ ਘਰ ਦੇ ਜੀਆਂ ਨੂੰ ਫਾਇਰ ਫਾਈਟਰਾਂ ਨੇ ਜ਼ਿੰਦਾ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਇਸ ਭਿਆਨਕ ਅੱਗ ਕਾਰਨ ਇਕ 5 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੱਚੇ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਉਸ ਦੀ 29 ਸਾਲਾ ਮਾਂ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। 
ਪੁਲਸ ਮੁਤਾਬਕ ਘਰ ਵਿਚ 8 ਜੀਅ ਰਹਿੰਦੇ ਸਨ, ਜਿਨ੍ਹਾਂ 'ਚ 3 ਬੱਚੇ ਵੀ ਸ਼ਾਮਲ ਹਨ। ਬੱਚਿਆਂ 'ਚੋਂ 5 ਮਹੀਨਿਆਂ ਦੇ ਮਾਸੂਮ ਨੇ ਦਮ ਤੋੜ ਦਿੱਤਾ ਹੈ। ਐਡਮਿੰਟਨ ਫਾਇਰ ਬਚਾਅ ਅਧਿਕਾਰੀਆਂ ਨੇ 6 ਲੋਕਾਂ ਨੂੰ ਸਖਤ ਮੁਸ਼ੱਕਤ ਤੋਂ ਬਾਅਦ ਬਚਾਇਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਐਡਮਿੰੰਟਨ ਸਥਿਤ ਇਸ ਘਰ ਵਿਚ ਮੰਗਲਵਾਰ ਦੀ ਸਵੇਰ ਨੂੰ 4.00 ਵਜੇ ਅੱਗ ਲੱਗ ਗਈ, ਜਿਸ ਕਾਰਨ ਪੂਰਾ ਘਰ ਨੁਕਸਾਨਿਆ ਗਿਆ। ਗੁਆਂਢੀਆਂ ਨੇ 911 'ਤੇ ਕਾਲ ਕਰ ਕੇ ਘਟਨਾ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਐਮਰਜੈਂਸੀ ਅਧਿਕਾਰੀ ਅਤੇ ਫਾਇਰ ਫਾਈਟਰਜ਼ ਅਧਿਕਾਰੀਆਂ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ।