ਜੰਗਲ ਦੀ ਅੱਗ ਕਾਰਨ ਕੈਨੇਡਾ ਦੀ ਆਬੋ-ਹਵਾ ਖਰਾਬ, ਕਈ ਉਡਾਣਾਂ ਰੱਦ

08/20/2018 8:39:35 PM

ਬੀਸੀ— ਬ੍ਰਿਟਿਸ਼ ਕੋਲੰਬੀਆ ਦੇ ਜੰਗਲ 'ਚ ਲੱਗੀ ਅੱਗ ਕਾਰਨ ਕੈਨੇਡਾ ਦੀ ਆਬੋ-ਹਵਾ ਇਸ ਪੱਧਰ ਤੱਕ ਖਰਾਬ ਹੋ ਚੁੱਕੀ ਹੈ ਕਿ ਬ੍ਰਿਟਿਸ਼ ਕੋਲੰਬੀਆ ਸਣੇ ਕਈ ਇਲਾਕਿਆਂ 'ਚ ਲੋਕਾਂ ਨੂੰ ਮਾਸਕ ਦੇ ਬਿਨਾਂ ਬਾਹਰ ਖੁੱਲ੍ਹੇ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜੰਗਲ ਦੀ ਅੱਗ ਕਾਰਨ ਕੈਨੇਡਾ ਦੇ ਆਸਮਾਨ 'ਤੇ ਧੂੰਏਂ ਦੀ ਚਾਦਰ ਇਸ ਤਰ੍ਹਾਂ ਫੈਲ ਗਈ ਹੈ ਕਿ ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਸਣੇ ਹੋਰਾਂ ਕਈ ਇਲਾਕਿਆਂ 'ਚ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।


ਜਾਣਕਾਰੀ ਮੁਤਾਬਕ ਕੇਲੋਵਨਾ ਇੰਟਰਨੈਸ਼ਨਲ ਏਅਰਪੋਰਟ, ਪੈਂਟਿਕਟਨ ਰਿਜਨਲ ਏਅਰਪੋਰਟ ਤੇ ਕੈਸਲਗਰ ਦੇ ਵੈਸਟ ਕੂਟੇਨੀ ਏਅਰਪੋਰਟ ਦੀਆਂ ਕਈ ਉਡਾਣਾਂ ਲੋਅ ਵਿਜ਼ੀਬਿਲਟੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਕੇਲੋਵਨਾ ਏਅਰਪੋਰਟ ਦੇ ਮੈਨੇਜਰ ਸੀਨ ਪਾਰਕਰ ਨੇ ਕਿਹਾ ਕਿ ਇਲਾਕੇ 'ਚ ਧੂੰਏਂ ਕਾਰਨ ਹਾਲਾਤ ਇੰਨੇ ਖਰਾਬ ਹਨ ਕਿ ਵਿਜ਼ੀਬਿਲਟੀ ਇਕ ਕਿਲੋਮੀਟਰ ਤੋਂ ਵੀ ਘੱਟ ਗਈ ਹੈ ਤੇ ਅਜਿਹੇ 'ਚ ਫਲਾਈਟ ਲੈਂਡ ਕਰਵਾਉਣਾ ਬਹੁਤ ਮੁਸ਼ਕਲ ਹੈ। ਪਾਰਕਰ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਕਈ ਸਾਲਾਂ 'ਚ ਅਜਿਹੀ ਧੂੰਏਂ ਦੀ ਚਾਦਰ ਨਹੀਂ ਦੇਖੀ ਹੈ।

ਏਅਰ ਕੈਨੇਡਾ ਨੇ ਵੀ ਆਪਣੇ ਬਿਆਨ 'ਚ ਕਿਹਾ ਹੈ ਕਿ ਧੂੰਏਂ ਤੇ ਲੋਅ ਵਿਜ਼ੀਬਿਲਟੀ ਕਾਰਨ ਉਨ੍ਹਾਂ ਦੀਆਂ ਉਡਾਣਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਲਈ ਵੀ ਵੈੱਬਸਾਈਟ 'ਤੇ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਯਾਤਰੀ ਆਪਣੀ ਯਾਤਰਾ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਕੇ ਹੀ ਘਰੋਂ ਨਿਕਲਣ। ਇਸ ਸਭ ਦੌਰਾਨ ਕਈ ਯਾਤਰੀਆਂ ਨੂੰ ਟੋਰਾਂਟੋ ਤੋਂ ਕੈਸਲਗਰ ਤੱਕ ਦੇ ਸਫਰ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀਆਂ ਨੂੰ ਵੈਨਕੂਵਰ ਤੋਂ ਕੈਸਲਗਰ ਤੱਕ ਦਾ ਸਫਰ ਸੜਕ ਰਾਹੀਂ ਕਰਨਾ ਪਿਆ ਕਿਉਂਕਿ ਲੋਅ ਵਿਜ਼ੀਬਿਲਟੀ ਤੇ ਧੂੰਏ ਕਾਰਨ ਅੱਗੇ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।


ਇਸ ਤੋਂ ਪਹਿਲਾਂ ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਧੂੰਏ ਅਤੇ ਪ੍ਰਦੂਸ਼ਿਤ ਹਵਾ ਕਾਰਨ ਅਲਬਰਟਾ 'ਚ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਸੀ ਤੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਸੀ। ਇਥੇ ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ 'ਚ ਪਿਛਲੇ ਦਿਨੀਂ ਕਈ ਵਾਰ ਜੰਗਲਾਂ 'ਚ ਅੱਗ ਲੱਗਣ ਕਾਰਨ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਹੁਣ ਤੱਕ 3000 ਤੋਂ ਵਧੇਰੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਚੁੱਕਿਆ ਹੈ।