ਬ੍ਰਿਟੇਨ ਨੂੰ ਭਰੋਸਾ, ਜਲਦ ਗਲੋਬਲ ਅੱਤਵਾਦੀ ਐਲਾਨਿਆ ਜਾਵੇਗਾ ਅਜ਼ਹਰ

04/27/2019 7:08:52 PM

ਲੰਡਨ— ਬ੍ਰਿਟੇਨ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ 'ਤੇ ਯੂਨਾਈਟੇਡ ਨੇਸ਼ਨਸ 'ਚ ਜਲਦੀ ਪਾਬੰਦੀ ਲੱਗੇਗੀ। ਸ਼ੁੱਕਰਵਾਰ ਨੂੰ ਬ੍ਰਿਟੇਨ ਵਲੋਂ ਕਿਹਾ ਗਿਆ ਹੈ ਕਿ ਉਹ ਨਾ ਸਿਰਫ ਮਸੂਦ ਅਜ਼ਹਰ 'ਤੇ ਵੱਡੇ ਕਦਮ ਨੂੰ ਲੈ ਕੇ ਉਮੀਦ ਲਾਏ ਹੋਏ ਹੈ ਬਲਕਿ ਉਹ ਪਾਕਿਸਤਾਨ 'ਤੇ ਲਗਾਤਾਰ ਦਬਾਅ ਪਾ ਰਿਹਾ ਹੈ ਕਿ ਅੱਤਵਾਦੀ ਸੰਗਠਨਾਂ ਦੇ ਖਿਲਾਫ ਸਖਤ ਤੇ ਫੈਸਲਾਕੁੰਨ ਲੜਾਈ ਸ਼ੁਰੂ ਕੀਤੀ ਜਾਵੇ।

ਕਦੋਂ ਵਿਰੋਧ ਬੰਦ ਕਰੇਗਾ ਚੀਨ
ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਡੋਮੀਨਿਕ ਏਸਕਵੀਥ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲਾ ਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਧੇ ਤਣਾਅ ਨੂੰ ਘੱਟ ਕਰਨ 'ਚ ਬ੍ਰਿਟੇਨ ਸਰਗਰਮੀ ਨਾਲ ਸ਼ਾਮਲ ਰਿਹਾ ਸੀ। ਉਨ੍ਹਾਂ ਕਿਹਾ ਕਿ ਬ੍ਰਿਟੇਨ ਇਹ ਦੇਖਣਾ ਚਾਹੁੰਦਾ ਹੈ ਕਿ ਇਸ 'ਚ ਅੜਿੱਕਾ ਪਾ ਰਿਹਾ ਦੇਸ਼, ਚੀਨ, ਆਪਣਾ ਵਿਰੋਧ ਕਦੋਂ ਬੰਦ ਕਰਦਾ ਹੈ ਤੇ ਅਸੀਂ ਇਸ ਨੂੰ ਲੈ ਕੇ ਆਸ਼ਾਵਾਦੀ ਹਾਂ। ਉਥੇ ਹੀ ਚੀਨ ਨੇ ਬੀਤੇ ਦਿਨੀਂ ਕਿਹਾ ਕਿ ਉਸ ਨੂੰ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੇ ਮੁੱਦੇ 'ਤੇ ਅਮਰੀਕਾ, ਬ੍ਰਿਟੇਨ ਤੇ ਫਰਾਂਸ ਵਲੋਂ 23 ਅਪ੍ਰੈਲ ਦਾ ਕੋਈ ਅਲਟੀਮੇਟਮ ਨਹੀਂ ਮਿਲਿਆ। ਅਜਿਹੀਆਂ ਖਬਰਾਂ ਵੀ ਆਈਆਂ ਕਿ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਚੀਨ ਨੂੰ ਸਖਤ ਸ਼ਬਦਾਂ 'ਚ ਕਿਹਾ ਹੈ ਕਿ ਉਹ ਮਸੂਦ ਅਜ਼ਹਰ 'ਤੇ ਲਾਈ ਤਕਨੀਕੀ ਰੋਕ ਨੂੰ ਖਤਮ ਕਰਨ ਦੀ ਮਿਆਦ ਤੈਅ ਕਰੇ।

ਚੀਨ ਨੇ ਕਿਹਾ ਕਿ ਇਹ ਮੁੱਦਾ ਨੈਸ਼ਨਲ ਸਕਿਓਰਿਟੀ ਕੌਂਸਲ 'ਚ ਹੁਣ ਹੌਲੀ-ਹੌਲੀ ਸੁਲਝਣ ਵੱਲ ਵਧ ਰਿਹਾ ਹੈ। 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਹੀ ਜੈਸ਼ ਸਰਗਨਾ ਨੂੰ ਬੈਨ ਕਰਨ ਦੀ ਮੰਗ ਸ਼ੁਰੂ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਦਾਰੀ ਮਸੂਦ ਅਜ਼ਹਰ ਦੇ ਸੰਗਠਨ ਜੈਸ਼ ਨੇ ਲਈ ਸੀ। ਚੀਨ ਨੇ ਅਜ਼ਹਰ ਨੂੰ 1267 ਅਲ ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨ ਕਰਨ ਵਾਲੇ ਪ੍ਰਸਤਾਵ 'ਤੇ ਤਕਨੀਕੀ ਹੋਲਡ ਲਗਾਕੇ ਚੌਥੀ ਵਾਰ ਅੜਿੱਕਾ ਪਾ ਦਿੱਤਾ ਸੀ।

Baljit Singh

This news is Content Editor Baljit Singh