ਕੁਈਨਜ਼ਲੈਂਡ ਵਾਸੀਆਂ 'ਤੇ ਇਕ ਵਾਰ ਫਿਰ ਮੰਡਰਾਅ ਰਿਹੈ 'ਬੁਸ਼ਫਾਇਰ' ਦਾ ਖਤਰਾ

10/03/2019 3:30:53 PM

ਕੁਈਨਜ਼ਲੈਂਡ— ਥੋੜਾ ਸਮਾਂ ਪਹਿਲਾਂ ਹੀ ਕੁਈਨਜ਼ਲੈਂਡ ਦੀਆਂ ਝਾੜੀਆਂ 'ਚ ਲੱਗੀ ਅੱਗ ਨੂੰ ਕਾਬੂ ਕੀਤਾ ਜਾ ਸਕਿਆ ਹੈ। ਅਜੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੀ ਸੀ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ ਕਿ ਅਗਲੇ ਕੁੱਝ ਦਿਨਾਂ ਤਕ ਫਿਰ ਤੋਂ ਝਾੜੀਆਂ 'ਚ ਅੱਗ ਲੱਗ ਸਕਦੀ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਗਲੀ ਐਮਰਜੈਂਸੀ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮ, ਖੁਸ਼ਕ ਅਤੇ ਤੇਜ਼ ਹਵਾਵਾਂ ਵਾਲੇ ਮੌਸਮ ਕਾਰਨ ਅਗਲੇ ਹਫਤੇ ਤਕ ਮੁੜ ਝਾੜੀਆਂ 'ਚ ਅੱਗ ਲੱਗ ਸਕਦੀ ਹੈ। ਪਿਛਲੇ ਮਹੀਨੇ ਇੱਥੇ ਝਾੜੀਆਂ 'ਚ ਲੱਗੀ ਅੱਗ ਕਾਰਨ 17 ਘਰ ਸੜ ਗਏ ਸਨ, ਅਜੇ ਇਨ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਲੀਹਾਂ 'ਤੇ ਪੂਰੀ ਤਰ੍ਹਾਂ ਆਈ ਹੀ ਨਹੀਂ ਕਿ ਤਾਜ਼ਾ ਖਬਰ ਨਾਲ ਚਿੰਤਾ ਵਧ ਗਈ ਹੈ।

ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਤਕ ਤਾਪਮਾਨ 40 ਡਿਗਰੀ ਸੈਲਸੀਅਸ ਹੋ ਸਕਦਾ ਹੈ। ਹਾਲਾਂਕਿ ਗੋਲਡ ਕੋਸਟ ਅਤੇ ਸਨਸ਼ਾਈਨ ਕੋਸਟ 'ਚ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ। 11 ਅਕਤੂਬਰ ਤਕ ਬ੍ਰਿਸਬੇਨ, ਮੋਰੇਟਨ ਬੇਅ ਅਤੇ ਰੈੱਡਲੈਂਡ ਖੇਤਰਾਂ 'ਚ ਪੂਰੀ ਤਰ੍ਹਾਂ ਫਾਇਰ ਬੈਨ ਕੀਤੀ ਗਈ ਹੈ।