ਆਸਟਰੀਆ : ਬਾਰਾਂ ਅਤੇ ਰੈਸਟੋਰੈਂਟਾਂ ''ਚ ਸਿਗਰਟਨੋਸ਼ੀ ਕਰਨ ''ਤੇ ਲੱਗਣ ਜਾ ਰਹੀ ਹੈ ਪਾਬੰਦੀ

07/07/2019 7:46:54 AM

ਰੋਮ, (ਕੈਂਥ)— ਹਰ ਸਾਲ ਦੁਨੀਆ ਭਰ 'ਚ 80 ਲੱਖ ਤੋਂ ਵੱਧ ਲੋਕ ਤੰਬਾਕੂ ਦੇ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਤੇ 70 ਲੱਖ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਦੀ ਮੌਤ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤਕਰੀਬਨ 12 ਲੱਖ ਅਜਿਹੇ ਲੋਕ ਵੀ ਹਰ ਸਾਲ ਦੁਨੀਆਂ ਵਿੱਚ ਮਰਦੇ ਹਨ ਜਿਹੜੇ ਕਿ ਆਪ ਤੰਬਾਕੂ ਦੀ ਵਰਤੋਂ ਕਦੇ ਨਹੀਂ ਕਰਦੇ ਸਗੋਂ ਦੂਜੇ ਲੋਕਾਂ ਵੱਲੋਂ ਵਰਤੇ ਤੰਬਾਕੂ  ਜਾਂ ਸਿਗਰਟ ਦੇ ਧੂੰਏਂ ਨਾਲ ਮਰਦੇ ਹਨ। ਦੁਨੀਆ 'ਚ 1.1 ਅਰਬ ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕ 80 ਫੀਸਦੀ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਘੱਟ ਜਾਂ ਵਿਚਕਾਰਲੀ ਸ਼੍ਰੇਣੀ ਵਿੱਚ ਹੈ। 
ਦੁਨੀਆਂ ਦੇ ਸਾਰੇ ਦੇਸ਼ ਤੰਬਾਕੂ ਦੇ ਜ਼ਹਿਰੀਲੇ ਪ੍ਰਭਾਵਾਂ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਵੀ ਚਲਾਉਂਦੇ ਹਨ ਪਰ ਇਸ ਦੇ ਬਾਵਜੂਦ ਲੋਕ ਤੰਬਾਕੂ ਤੋਂ ਤੋਬਾ ਨਹੀਂ ਕਰਦੇ। ਯੂਰਪ ਵਿੱਚ ਹਰ ਸਾਲ 7 ਲੱਖ ਲੋਕਾਂ ਲਈ ਤੰਬਾਕੂ ਕਾਲ ਬਣ ਰਿਹਾ ਹੈ। ਯੂਰਪੀਅਨ ਦੇਸ਼ ਆਸਟਰੀਆ ਵਿੱਚ 'ਮਨਿਸਟਰੀ ਆਫ਼ ਹੈਲਥ' ਅਨੁਸਾਰ ਹਰ ਸਾਲ 14000 ਲੋਕ ਤੰਬਾਕੂ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਹੁਣ ਆਸਟਰੀਆ ਸਰਕਾਰ ਨੇ ਤੰਬਾਕੂ ਦੀ ਵਰਤੋਂ ਘਟਾਉਣ ਲਈ ਦੇਸ਼ ਭਰ ਦੇ ਬਾਰਾਂ ਅਤੇ ਰੈਸਟੋਰੈਂਟਾਂ 'ਤੇ ਸਿਗਰਟਨੋਸ਼ੀ 'ਤੇ ਪੂਰੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ।

ਕਈ ਸਾਲਾਂ ਦੀ ਖਿੱਚੋ-ਧੂਹ ਦੇ ਬਾਅਦ ਆਖਿਰ ਬੀਤੇ ਦਿਨੀਂ ਬਾਰਾਂ ਅਤੇ ਰੈਸਟੋਰੈਂਟਾਂ 'ਤੇ ਸਿਗਰਟਨੋਸ਼ੀ 'ਤੇ ਪਾਬੰਦੀ ਵਾਲਾ ਮੁੱਦਾ ਸੰਸਦ ਵਿੱਚ ਪਾਸ ਹੋ ਗਿਆ ਹੈ। ਇਸ ਮਤੇ ਨੂੰ ਪਾਸ ਕਰਵਾਉਣ ਲਈ 9,00,000 ਲੋਕਾਂ ਵੱਲੋਂ ਇੱਕ ਵਿਸ਼ੇਸ਼ ਅਪੀਲ ਕੀਤੀ ਸੀ ।ਦੇਸ਼ ਦੇ ਕਈ ਜਨਤਕ ਹਿੱਸਿਆਂ 'ਚ ਵੀ ਸਿਗਰਟਨੋਸ਼ੀ ਹੋ ਰਹੀ ਸੀ, ਜਿੱਥੇ ਕਿ ਇਸ ਦੀ ਮਨ੍ਹਾਹੀ ਸੀ ਪਰ ਨਿਯਮ ਸਖ਼ਤੀ ਨਾਲ ਲਾਗੂ ਨਹੀਂ ਸੀ ਕੀਤਾ ਗਿਆ । ਆਸਟਰੀਆ ਯੂਰਪੀਅਨ ਯੂਨੀਅਨ ਦਾ ਅਜਿਹਾ ਦੇਸ਼ ਹੈ ਜਿੱਥੇ ਕਿ ਇੱਕ ਦਹਾਕੇ ਤੋਂ ਬਾਰਾਂ ਅਤੇ ਰੈਸਟੋਰੈਂਟਾਂ 'ਤੇ ਸਿਗਰਟਨੋਸ਼ੀ ਉਪੱਰ ਪਾਬੰਦੀ ਲਗਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਬਾਰਾਂ ਅਤੇ ਰੈਸਟੋਰੈਂਟਾਂ 'ਤੇ ਸਿਗਰਟਨੋਸ਼ੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ ਕੀ ਸਜ਼ਾ ਭੁਗਤਣੀ ਪਵੇਗੀ ਹਾਲੇ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਸਰਕਾਰ ਜਲਦ ਹੀ ਇਹ ਪਾਬੰਦੀ ਲਾਗੂ ਕਰਨ ਜਾ ਰਹੀ ਹੈ।