ਆਸਟਰੀਆ : ਪੰਜਾਬ ਦੀ ਡਾਕਟਰ ਨੇ ਰਿਸਰਚ ਪੱਤਰ 'ਚ ਪੇਸ਼ ਕੀਤੇ ਸੁਝਾਅ

06/29/2019 1:11:14 PM

ਪਟਿਆਲਾ/ਵਿਆਨਾ— ਪੰਜਾਬ ਦੀ ਰਹਿਣ ਵਾਲੀ ਡਾ. ਮੋਨਿਕਾ ਨੇ ਆਸਟਰੀਆ 'ਚ ਡਾਕਟਰੀ ਇਲਾਜ ਸਬੰਧੀ ਇਕ ਰਿਸਰਚ ਪੱਤਰ ਪੇਸ਼ ਕੀਤਾ ਹੈ। ਡਾ. ਮੋਨਿਕਾ ਦਾ ਸਬੰਧ ਪਟਿਆਲਾ ਨਾਲ ਹੈ। ਔਰਤਾਂ ਦੀਆਂ ਸਮੱਸਿਆਵਾਂ ਦੀ ਮਾਹਿਰ ਗਾਇਨੀਕਾਲੋਜਿਸਟ ਅਤੇ ਸਦਭਾਵਨਾ ਆਈ. ਵੀ. ਐੱਫ. ਸੈਂਟਰ ਦੀ ਡਾ. ਮੋਨਿਕਾ ਨੇ 'ਯੂਰਪੀਅਨ ਸੁਸਾਇਟੀ ਆਫ ਹਿਊਮਨ ਰੀਪ੍ਰੋਡਕਸ਼ਨ ਐਂਡ ਐਬਰਾਇਲੋਜੀ' ਦੀ ਆਸਟਰੀਆ 'ਚ ਆਪਣੀ ਰਿਸਰਚ ਰਿਪੋਰਟ ਪੇਸ਼ ਕੀਤੀ। 

ਆਸਟਰੀਆ ਦੇ ਵਿਆਨਾ 'ਚ 35ਵੀਂ ਸਲਾਨਾ ਕਾਨਫਰੰਸ ਹੋਈ ਸੀ, ਜਿਸ 'ਚ ਡਾ. ਮੋਨਿਕਾ ਵੀ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਨੂੰ ਮਾਂ ਬਣਨ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ, ਇਸ ਲਈ ਡਾਕਟਰ ਆਈ. ਵੀ. ਐੱਫ. ਤਕਨੀਕ ਦੀ ਵਰਤੋਂ ਕਰਦੇ ਹਨ। ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਬੀ. ਪੀ. ਭਾਵ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਆਉਂਦੀ ਹੈ, ਜਿਸ ਕਾਰਨ ਕਈ ਔਰਤਾਂ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੌਂਸਲਿੰਗ ਤੇ ਜਾਂਚ ਕੀਤੀ ਜਾਂਦੀ ਹੈ। ਡਾ. ਮੋਨਿਕਾ ਦੇ ਖੋਜ ਕਾਰਜ 'ਚ ਅਜਿਹੇ ਖਤਰੇ ਨੂੰ ਘਟਾਉਣ ਲਈ ਖਾਸ ਆਈ. ਵੀ. ਐੱਫ. ਪ੍ਰੋਟੋਕੋਲਜ਼ ਵੀ ਦਰਸਾਏ ਗਏ ਹਨ। ਉਨ੍ਹਾਂ ਨੇ ਯੂਰਪੀਅਨ ਸੁਸਾਇਟੀ 2019 ਲਈ 7 ਸੁਝਾਅ ਵੀ ਪੇਸ਼ ਕੀਤੇ, ਜੋ ਸੁਸਾਇਟੀ ਦੀ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਏ। ਡਾ. ਮੋਨਿਕਾ ਵਲੋਂ ਦਿੱਤੇ ਗਏ ਸੁਝਾਅ ਕਾਰਨ ਮਾਂ ਬਣਨ ਵਾਲੀਆਂ ਔਰਤਾਂ ਨੂੰ ਕਾਫੀ ਫਾਇਦਾ ਹੋਵੇਗਾ।