ਨਿਊਜ਼ੀਲੈਂਡ ਜਵਾਲਾਮੁਖੀ ਹਾਦਸੇ ''ਚ ਹੁਣ ਤਕ 15 ਲੋਕਾਂ ਦੀ ਮੌਤ, ਹੋਰ 25 ਦੀ ਹਾਲਤ ਗੰਭੀਰ

12/15/2019 9:01:19 AM

ਵਲਿੰਗਟਨ— ਨਿਊਜ਼ੀਲੈਂਡ ਦੇ ਸੈਲਾਨੀਆਂ ਦੇ ਬੇਹੱਦ ਪਸੰਦੀਦਾ ਵ੍ਹਾਈਟ ਟਾਪੂ 'ਤੇ ਜਵਾਲਾਮੁਖੀ ਫਟਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ। ਸਥਾਨਕ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਚਾਅ ਦਲ ਨੂੰ ਟਾਪੂ 'ਤੇ ਲਾਪਤਾ ਦੋ ਲੋਕਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਜਦਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਜਵਾਲਾਮੁਖੀ ਫਟਣ ਕਾਰਨ 55 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 25 ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੀਨਵਾਰ ਤੇ ਐਤਵਾਰ ਸਵੇਰੇ ਟਾਪੂ ਅਤੇ ਸਮੁੰਦਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਮ੍ਰਿਤਕਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਨਿਊਜ਼ੀਲੈਂਡ ਦੇ ਡਿਪਟੀ ਕਮਿਸ਼ਨਰ ਮਾਈਕ ਕਲੇਮੇਂਟ ਨੇ ਪੱਤਰਕਾਰਾਂ ਨੂੰ ਦੱਸਿਆ,''ਪੁਲਸ ਆਸਾਨੀ ਨਾਲ ਹਾਰ ਨਹੀਂ ਮੰਨੇਗੀ ਪਰ ਅਸੀਂ ਉਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜੋ ਅਸੀਂ ਕਰ ਸਕਦੇ ਸੀ।''

 

ਇਸ ਦੇ ਇਲਾਵਾ ਹਸਪਤਾਲ 'ਚ ਇਲਾਜ ਲਈ ਭਰਤੀ ਇਕ ਪੀੜਤ ਦੀ ਸ਼ਨੀਵਾਰ ਰਾਤ ਨੂੰ ਮੌਤ ਹੋ ਗਈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਜਵਾਲਾਮੁਖੀ ਹਾਦਸੇ ਦੇ ਪੀੜਤਾਂ ਨੂੰ ਸੋਮਵਾਰ ਨੂੰ ਦੇਸ਼ ਭਰ 'ਚ ਸ਼ਰਧਾਂਜਲੀ ਦਿੱਤੀ ਜਾਵੇਗੀ। ਇਹ ਹਾਦਸਾ ਅਸਲ 'ਚ 11 ਦਸੰਬਰ ਨੂੰ ਵਾਪਰਿਆ ਸੀ ਜਦ ਹੋਰ ਦੇਸ਼ਾਂ ਤੋਂ ਆਏ ਸੈਲਾਨੀ ਟਾਪੂ 'ਤੇ ਘੁੰਮ ਰਹੇ ਸਨ। ਮ੍ਰਿਤਕਾਂ 'ਚ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਚੀਨ ਅਤੇ ਮਲੇਸ਼ੀਆ ਦੇ ਸੈਲਾਨੀ ਸ਼ਾਮਲ ਸਨ।