ਆਸਟ੍ਰੇਲੀਆਈ ਨੌਜਵਾਨ ਨੇ ਕੰਗਾਰੂਆਂ ਨੂੰ ਟਰੱਕ ਨਾਲ ਕੁਚਲਿਆ, 20 ਦੀ ਮੌਤ

10/03/2019 1:57:35 PM

ਸਿਡਨੀ (ਏਜੰਸੀ)— ਇਕ ਆਸਟ੍ਰੇਲੀਆਈ ਨੌਜਵਾਨ 'ਤੇ 20 ਕੰਗਾਰੂਆਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨੌਜਵਾਨ ਨੇ ਕਥਿਤ ਤੌਰ 'ਤੇ ਇਕ ਘੰਟੇ ਤੱਕ ਚੱਲੀ ਵਾਰਦਾਤ ਵਿਚ ਆਪਣੇ ਟਰੱਕ ਨਾਲ ਇਨ੍ਹਾਂ ਕੰਗਾਰੂਆਂ ਨੂੰ ਕੁਚਲ ਦਿੱਤਾ ਸੀ। ਮ੍ਰਿਤਕ ਕੰਗਾਰੂਆਂ ਦੀਆਂ ਲਾਸ਼ਾਂ ਦੋ ਜੌਇਆਂ ਸਮੇਤ ਸਿਡਨੀ ਦੇ ਦੱਖਣ ਵਿਚ 450 ਕਿਲੋਮੀਟਰ (280 ਮੀਲ) ਦੱਖਣ ਵਿਚ ਤੁਰਾ ਬੀਚ ਵਿਚ ਐਤਵਾਰ ਸਵੇਰੇ ਸੜਕਾਂ 'ਤੇ ਪਾਈਆਂ ਗਈਆਂ। ਜੰਗਲੀ ਜੀਵਨ ਬਚਾਅ ਸਮੂਹ ਵਾਇਰਜ਼ ਮੁਤਾਬਕ ਘੱਟੋ-ਘੱਟ ਤਿੰਨ ਹੋਰ ਜੌਇਆਂ ਨੂੰ ਇਸ ਹਮਲੇ ਨੇ ਯਤੀਮ ਕਰ ਦਿੱਤਾ ਸੀ। 

ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 19 ਸਾਲਾ ਨੌਜਵਾਨ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਜਾਨਵਰਾਂ 'ਤੇ ਬੇਰਹਿਮੀ ਕਰਨ ਦੇ ਅਪਰਾਧ ਦੇ ਦੋਸ਼ ਲਗਾਏ ਗਏ ਸਨ। ਸ਼ਨੀਵਾਰ ਰਾਤ ਉਕਤ ਨੌਜਵਾਨ ਨੇ ਆਪਣੀ ਯੂਟੀਲਿਟੀ ਵਾਹਨ ਨਾਲ ਕੰਗਾਰੂਆਂ ਨੂੰ ਮਾਰਿਆ ਸੀ। ਬੈਗਾ ਵੈਲੀ ਦੇ ਮੁੱਖ ਇੰਸਪੈਕਟਰ ਪੀਟਰ ਵੌਲਰ ਨੇ ਕਿਹਾ,''ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜਿਹੜਾ ਵਿਅਕਤੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਹੈ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਵਾ ਪੈਂਦਾ ਹੈ।'' 

ਨਿਊ ਸਾਊਥ ਵੇਲਜ਼ ਸੂਬੇ ਦੀਆਂ ਸੜਕਾਂ 'ਤੇ ਗੱਡੀਆਂ ਦੀ ਟੱਕਰ ਨਾਲ ਕੰਗਾਰੂਆਂ ਦੀ ਮੌਤ ਆਮ ਘਟਨਾ ਹੈ। ਉਸ ਖੇਤਰ ਵਿਚ 90 ਫੀਸਦੀ ਕਾਰ ਹਾਦਸੇ ਇਨ੍ਹਾਂ ਜੀਵਾਂ ਦੀ ਟੱਕਰ ਕਾਰਨ ਹੁੰਦੇ ਹਨ ਪਰ ਸ਼ਨੀਵਾਰ ਨੂੰ ਜਾਣਬੁੱਝ ਕੇ ਅੰਜਾਮ ਦਿੱਤੀ ਗਈ ਇਹ ਘਟਨਾ ਹੈਰਾਨ ਕਰ ਦੇਣ ਵਾਲੀ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਪੁਲਸ ਨੇ ਐਤਵਾਰ ਨੂੰ 1:30 ਵਜੇ ਆਪਣੇ ਇਕ ਵਾਲੰਟੀਅਰ ਲਈ ਛੇ ਮਹੀਨੇ ਦੀ ਯਤੀਮ ਜੌਏ ਨੂੰ ਭੇਜਿਆ। ਲੱਗਭਗ 9 ਮਹੀਨੇ ਦੀ ਉਮਰ ਦੇ ਦੋ ਹੋਰ ਜੌਇਆਂ ਨੂੰ ਬਾਅਦ ਵਿਚ ਲੱਭਿਆ ਗਿਆ ਸੀ। ਗੌਰਤਲਬ ਹੈ ਕਿ ਪੂਰਬੀ ਗ੍ਰੇ ਕੰਗਾਰੂ ਆਮਤੌਰ 'ਤੇ ਲੱਗਭਗ 9 ਮਹੀਨੇ ਦੀ ਉਮਰ ਵਿਚ ਆਪਣੀ ਮਾਂ ਦੀ ਥੈਲੀ ਵਿਚੋਂ ਬਾਹਰ ਨਿਕਲਣ ਲੱਗਦੇ ਹਨ ਪਰ 18 ਮਹੀਨੇ ਦੇ ਹੋਣ ਤੱਕ ਪੂਰੀ ਤਰ੍ਹਾਂ ਨਾਲ ਸੁਤੰਤਰ ਨਹੀਂ ਹੁੰਦੇ ਹਨ।

Vandana

This news is Content Editor Vandana