ਆਸਟਰੇਲੀਅਨ ਸੈਨੇਟਰ ਨੇ ਦੋਹਰੀ ਨਾਗਰਿਕਤਾ ਕਾਰਨ ਦਿੱਤਾ ਅਸਤੀਫਾ

07/18/2017 9:45:06 PM

ਸਿਡਨੀ— ਇਕ ਆਸਟਰੇਲੀਅਨ ਸੈਨੇਟਰ ਨੇ ਆਪਣਾ ਅਹੁਦਾ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਸੀ। ਇਸ ਦੋਹਰੀ ਨਾਗਰਿਕਤਾ ਕਾਰਨ ਸੈਨੇਟਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਲਾਰੀਸਾ ਵਾਟਰਸ, ਜੋ ਕਿ ਆਸਟਰੇਲੀਆ 'ਚ ਗ੍ਰੀਨ ਪਾਰਟੀ ਨੂੰ ਰੀਪ੍ਰਜ਼ੈਂਟ ਕਰਦੀ ਹੈ, ਦਾ ਜਨਮ 1977 'ਚ ਕੈਨੇਡਾ ਦੇ ਵਿਨੀਪੈਗ 'ਚ ਆਸਟਰੇਲੀਅਨ ਮਾਪਿਆਂ ਦੇ ਘਰ ਹੋਇਆ ਸੀ, ਜੋ ਕਿ ਉਸ ਵੇਲੇ ਕੈਨੇਡਾ ਪੜ੍ਹ ਰਹੇ ਸਨ। ਲਾਰੀਸਾ ਵਾਟਰਸ ਨੇ ਕਿਹਾ, ''ਮੈਂ ਆਪਣੀ ਜ਼ਿੰਦਗੀ ਇਹ ਸੋਚਦੇ ਹੋਏ ਬਿਤਾਈ ਹੈ ਕਿ ਜਦੋਂ ਤੋਂ ਮੈਂ ਪੈਦਾ ਹੋਈ ਮੈਂ ਆਸਟਰੇਲੀਅਨ ਤੇ ਸਿਰਫ ਆਸਟਰੇਲੀਅਨ ਹਾਂ। ਮੇਰੇ ਮਾਪਿਆਂ ਨੇ ਮੈਨੂੰ ਦੱਸਿਆ ਸੀ ਕਿ 21 ਸਾਲ ਦੀ ਉਮਰ 'ਚ ਮੈਂ ਕੈਨੇਡਾ ਦੀ ਨਾਗਰਿਕਤਾ ਵੀ ਹਾਸਲ ਕਰ ਸਕਦੀ ਹਾਂ ਪਰ ਮੈਂ ਕਦੀ ਵੀ ਦੋਹਰੀ ਨਾਗਰਿਕਤਾ ਦੀ ਮੰਗ ਨਹੀਂ ਕੀਤੀ ਤੇ ਮੈਂ 11 ਮਹੀਨਿਆਂ ਦੀ ਉਮਰ 'ਚ ਆਸਟਰੇਲੀਆ ਆਉਣ ਤੋਂ ਬਾਅਦ ਕਦੀ ਵੀ ਕੈਨੇਡਾ ਨਹੀਂ ਗਈ।''
ਵਾਟਰਸ ਪਾਰਟੀ ਦੀ ਸਹਿ-ਡਿਪਟੀ ਲੀਡਰ ਹੈ। ਉਨ੍ਹਾਂ ਨੇ ਅਜਿਹੇ 'ਚ ਸਕਾਟ ਲੁਡਲਮ, ਜੋ ਕਿ ਪਾਰਟੀ ਦੇ ਇਕ ਹੋਰ ਸਹਿ-ਡਿਪਟੀ ਲੀਡਰ ਹਨ, ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਦੋਹਰੀ ਨਾਗਰਿਕਤਾ ਹੋਣ ਕਾਰਨ ਬੀਤੇ ਦਿਨੀਂ ਅਸਤੀਫਾ ਦਿੱਤਾ ਸੀ। ਅਸਲ 'ਚ ਉਨ੍ਹਾਂ ਦੇ ਕੋਲ ਨਿਊਜ਼ੀਲੈਂਡ ਦੀ ਨਾਗਰਿਕਤਾ ਵੀ ਸੀ। ਆਸਟਰੇਲੀਆ ਦਾ ਸੰਵਿਧਾਨ ਕਹਿੰਦਾ ਹੈ ਕਿ ਵਿਦੇਸ਼ੀ ਨਾਗਰਿਕਤਾ ਵਾਲਾ ਵਿਅਕਤੀ ਸੰਸਦ ਲਈ ਚੁਣੇ ਜਾਣ ਦੇ ਯੌਗ ਨਹੀਂ ਹੈ।