ਪੰਜਾਬੀ ਸਾਹਿਤ ਦੀ ਸੇਵਾ ਲਈ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ" (ਬ੍ਰਿਸਬੇਨ) ਦਾ ਹੋਇਆ ਗਠਨ

08/22/2020 2:15:11 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪਸਾਰ ਲਈ ਪ੍ਰਵਾਸੀ ਭਾਰਤੀ ਸਾਹਿਤਕਾਰ ਹਮੇਸ਼ਾ ਤੋਂ ਹੀ ਯਤਨਸ਼ੀਲ ਰਹੇ ਹਨ। ਇਸੇ ਸੰਦਰਭ ਵਿਚ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਲਿਖਾਰੀਆਂ ਅਤੇ ਪਾਠਕਾਂ ਦੀ ਸਰਭ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿਚ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ”(ਬ੍ਰਿਸਬੇਨ) ਦਾ ਗਠਨ ਕੀਤਾ ਗਿਆ। 

ਇਸ ਸਭਾ ਦਾ ਮੁੱਖ ਟੀਚਾ ਵਿਦੇਸ਼ਾਂ ਵਿਚ ਰਹਿੰਦੀ ਨੌਜਵਾਨ ਪੰਜਾਬੀ ਪੀੜੀ ਅਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਨਾਲ ਜੋੜਨਾ ਹੋਵੇਗਾ ਅਤੇ ਉੱਭਰਦੇ ਲੇਖਕਾਂ ਨੂੰ ਇਕ ਗਤੀਸ਼ੀਲ ਮੰਚ ਪ੍ਰਦਾਨ ਕਰਨਾ ਹੋਵੇਗਾ। ਸਭਾ ਦੇ ਗਠਨ ਵੇਲੇ ਪੰਜ ਮੈਂਬਰਾਂ ਦੀ ਵਿਚਾਰ ਚਰਚਾ ਅਤੇ ਸਹਿਮਤੀ ਨਾਲ ਸੰਸਥਾ ਬਣਾਉਣ ਲਈ ਵਿਧਾਨ ਤਿਆਰ ਕੀਤਾ ਗਿਆ ਤੇ ਉਸ ਵਿਧਾਨ ਦੀਆਂ ਸ਼ਰਤਾਂ ਦੇ ਤਹਿਤ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਵਿਧਾਨ ਦੇ ਸਾਰੇ ਪਹਿਲੂਆਂ ਵਿਚੋਂ ਮੁੱਖ ਪਹਿਲੂ ਬਹੁਮਤ ਨਾਲ ਫ਼ੈਸਲੇ ਲੈਣ ਦਾ ਰੱਖਿਆ ਗਿਆ। ਕਾਰਜਕਾਰੀ ਕਮੇਟੀ ਦੀ ਚੋਣ ਦੀ ਵੋਟਿੰਗ ਪ੍ਰਕਿਰਿਆ ਨਾਲ ਕੀਤੀ ਗਈ ,ਜਿਸਦੇ ਵਿਚ ਜਸਵੰਤ ਵਾਗਲਾ (ਪ੍ਰਧਾਨ), ਸੁਰਜੀਤ ਸੰਧੂ (ਮੀਤ ਪ੍ਰਧਾਨ), ਹਰਮਨਦੀਪ ਗਿੱਲ (ਜਨਰਲ ਸਕੱਤਰ), ਹਰਜੀਤ ਕੌਰ ਸੰਧੂ (ਮੀਤ- ਜਨਰਲ ਸਕੱਤਰ) ਵਰਿੰਦਰ ਅਲੀਸ਼ੇਰ ( ਖ਼ਜ਼ਾਨਚੀ ਅਤੇ ਸਪੋਕਸਮੈਨ) ਚੁਣੇ ਗਏ। ਕਾਰਜਕਾਰੀ ਕਮੇਟੀ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ ਅਤੇ ਪਾਠਕਾਂ ਨੂੰ ਬਤੌਰ ਮੈਂਬਰ ਸਭਾ ਦੇ ਨਾਲ ਜੋੜਿਆ ਗਿਆ। ਮੁੱਢਲੀ ਮੀਟਿੰਗ ਵਿਚ ਅਮਨ ਭੰਗੂ, ਅਮਨਦੀਪ ਗਿੱਲ, ਸੁਖਜਿੰਦਰ ਮੋਰੋਂ, ਮੰਜੂ ਵਰਮਾ, ਹਰਦੀਪ ਵਾਗਲਾ, ਜਸਵਿੰਦਰ ਮਠਾੜੂ, ਗੁਰਮਖਜੀਤ, ਮਨ ਖਹਿਰਾ, ਸਤਵੰਤ ਨਾਹਲ, ਬਲਵਿੰਦਰ ਮੋਰੋਂ ਨੂੰ ਮੈਂਬਰਾਂ ਵਜੋਂ ਲਿਆ ਗਿਆ। ਸਭਾ ਦੇ ਉਦਘਾਟਨੀ ਸਮਾਰੋਹ ਲਈ ਪਹਿਲਾ ਸਾਹਿਤਕ ਪ੍ਰੋਗਰਾਮ ਸਭਾ ਕਾਰਜਕਾਰੀ ਕਮੇਟੀ ਵੱਲੋਂ ਜਲਦ ਹੀ ਉਲੀਕਿਆ ਜਾਵੇਗਾ।

Baljit Singh

This news is Content Editor Baljit Singh