"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਡਾ. ਪੁਆਰ ਅਤੇ ਹੰਸਾ ਸਿੰਘ ਦੇ ਅਕਾਲ ਚਲਾਣੇ ''ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

10/16/2020 5:51:33 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਭਾਸ਼ਾ ਤੇ ਬੋਲੀ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੀ ਸੰਸਥਾਵਾਂ ਵਿੱਚੋਂ, ਸੰਸਥਾ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਦੀ ਚਲੰਤ ਮਾਮਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬੀ ਦੇ ਪਸਾਰ ਲਈ ਪਹਿਲਾਂ ਤੋਂ ਚਲਦੇ ਕੰਮਾਂ ਬਾਰੇ ਗੱਲਬਾਤ ਅਤੇ ਭਵਿੱਖ ਦੇ ਕੰਮਾਂ ਲਈ ਵਿਉਂਤਬੰਦੀ ਕੀਤੀ ਗਈ। ਪੰਜਾਬੀ ਸਕੂਲ ਦੀਆਂ ਕਲਾਸਾਂ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਣ ਲਈ ਸਭਾ ਦੀ ਕਾਰਜਕਾਰਨੀ ਕਮੇਟੀ ਨੇ ਸਭਾ ਦੇ ਸਮੂਹ ਮੈਂਬਰਾਂ ਦੇ ਯੋਗਦਾਨ ਤੇ ਸਭਾ ਦੇ ਟੀਚਿਆਂ ਵੱਲ ਵਧਦੇ ਕਦਮ, ਚਰਚਾ ਦਾ ਵਿਸ਼ਾ ਰਹੇ। ਇਸ ਉਪਰੰਤ ਨਾਮਵਰ ਭਾਸ਼ਾ ਵਿਗਿਆਨੀ ਤੇ ਸਾਹਿਤ ਚਿੰਤਕ ਡਾ. ਜੁਗਿੰਦਰ ਸਿੰਘ ਪੁਆਰ ਅਤੇ ਉੱਘੇ ਰੰਗ-ਕਰਮੀ ਹੰਸਾ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ।

ਜਨਰਲ ਸਕੱਤਰ ਹਰਮਨਦੀਪ ਗਿੱਲ ਨੇ ਕਿਹਾ ਕਿ ਡਾ. ਪੁਆਰ ਜੀ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਉੱਚ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਜੋ ਭੂਮਿਕਾ ਨਿਭਾਈ, ਉਹ ਅਭੁੱਲ ਹੈ। ਡਾ. ਪੁਆਰ ਜੀ ਦੁਆਰਾ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਪੰਜਾਬੀ ਵਿਆਕਰਨ ਬਾਰੇ ਮਹੱਤਵਪੂਰਨ ਪੁਸਤਕਾਂ ਲਿਖੀਆਂ ਗਈਆਂ ਹਨ। ਉਹ ਬਹੁਤ ਅਨੁਸ਼ਾਸਿਤ ਕਿਸਮ ਦੇ ਖੋਜੀ ਅਤੇ ਅਧਿਆਪਕ ਸਨ ਅਤੇ ਉਨ੍ਹਾਂ ਨੇ 'ਦੇਸ਼ ਸੇਵਕ' ਅਖ਼ਬਾਰ ਵਿੱਚ ਵੀ ਕੁਝ ਅਰਸਾ ਸੰਪਾਦਕ ਵਜੋਂ ਕੰਮ ਕੀਤਾ।

ਮੀਤ ਸਕੱਤਰ ਹਰਜੀਤ ਕੌਰ ਸੰਧੂ ਨੇ ਪੰਜਾਬੀ ਦੇ ਪ੍ਰਤੀਬੱਧ ਨਾਟਕਕਾਰ ਅਤੇ ਰੰਗਕਰਮੀ ਹੰਸਾ ਸਿੰਘ ਲੋਕ-ਪੱਖੀ ਰੰਗਕਰਮੀ ਅਤੇ ਨਿਰਦੇਸ਼ਕ ਬਾਰੇ ਆਪਣੇ ਭਾਵ ਪੂਰਨ ਸ਼ਬਦਾਂ ਰਾਹੀਂ ਤੁਆਰਫ਼ ਕਰਾਇਆ। ਉਹਨਾਂ ਕਿਹਾ ਕਿ ਹੰਸਾ ਸਿੰਘ ਦੀ ਨਾਟ-ਟੋਲੀ ਪੰਜਾਬ ਸੰਕਟ ਦੇ ਦਿਨਾਂ ਵਿੱਚ ਵੀ ਪਿੰਡ ਪਿੰਡ ਨਾਟਕ ਖੇਡ ਕੇ ਪੰਜਾਬੀ ਤੇ ਰੰਗਮੰਚ ਦੀ ਲਹਿਰ ਨੂੰ ਮਜ਼ਬੂਤ ਕਰਦੇ ਰਹੇ ਹਨ। ਇਸ ਸਮੇਂ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" (ਰਜਿ.) ਦੇ ਪ੍ਰਧਾਨ ਜਸਵੰਤ ਸਿੰਘ ਵਾਗਲਾ, ਮੀਤ ਪ੍ਰਧਾਨ ਗੀਤਕਾਰ ਸੁਰਜੀਤ ਸੰਧੂ ਅਤੇ ਖਜ਼ਾਨਚੀ ਵਰਿੰਦਰ ਅਲੀਸ਼ੇਰ ਅਤੇ ਦਿਲਜੀਤ ਸਿੰਘ ਨੇ ਕਿਹਾ ਕਿ ਡਾ. ਪੁਆਰ ਤੇ ਰੰਗਕਰਮੀ ਹੰਸਾ ਸਿੰਘ ਦੇ ਸਵਰਗਵਾਸ ਹੋ ਜਾਣ ਨਾਲ ਅਸੀਂ ਇੱਕ ਉੱਘੇ ਭਾਸ਼ਾ ਵਿਗਿਆਨੀ ਅਤੇ ਨਾਟਕਕਾਰ ਤੇ ਰੰਗਕਰਮੀ ਤੋਂ ਵਾਂਝੇ ਹੋ ਗਏ ਹਾਂ। "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋ ਸਦੀਵੀ ਵਿਛੋੜਾ ਦੇ ਗਏ ਦੋਵੇਂ ਲੇਖਕਾਂ ਦੇ ਪਰਿਵਾਰਾਂ ਤੇ ਸਨੇਹੀਆਂ ਨਾਲ ਮਦਰਦੀ ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।

Vandana

This news is Content Editor Vandana