ਮੈਲਕਮ ਟਰਨਬੁੱਲ ਨੇ ਉੱਤਰੀ ਕੋਰੀਆ ਦੀ ਕੀਤੀ ਨਿੰਦਾ, ਮਿਜ਼ਾਈਲ ਪਰੀਖਣ ਨੂੰ ਦੱਸਿਆ ''ਖਤਰਨਾਕ''

11/29/2017 4:30:25 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਉੱਤਰੀ ਕੋਰੀਆ ਵਲੋਂ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਟਰਨਬੁੱਲ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣ ਨੂੰ ਗਲੋਬਲ ਸ਼ਾਂਤੀ ਅਤੇ ਸਥਿਰਤਾ ਦੇ ਲਿਹਾਜ਼ ਨਾਲ ਗੈਰ-ਕਾਨੂੰਨੀ ਅਤੇ ਖਤਰਨਾਕ ਕਾਰਵਾਈ ਦੱਸਿਆ। 
ਦੱਸਣਯੋਗ ਹੈ ਕਿ ਉੱਤਰੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਹੈ, ਜੋ ਕਿ ਅਮਰੀਕੀ ਮਹਾਦੀਪ 'ਚ ਕਿਸੇ ਵੀ ਥਾਂ ਨੂੰ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ। ਓਧਰ ਟਰਨਬੁੱਲ ਨੇ ਕਿਹਾ ਕਿ ਅਜਿਹਾ ਪਰੀਖਣ ਉੱਤਰੀ ਕੋਰੀਆ ਵਲੋਂ ਗਲੋਬਲ ਸ਼ਾਂਤੀ ਨੂੰ ਖਤਰੇ ਵਿਚ ਪਾਉਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ 'ਤੇ ਜ਼ਿਆਦਾ ਆਰਥਿਕ ਅਤੇ ਕੂਟਨੀਤਕ ਦਬਾਅ ਬਣਾਉਣ ਲਈ ਉਹ ਕੌਮਾਂਤਰੀ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਟਰਨਬੁੱਲ ਨੇ ਕਿਹਾ ਕਿ ਕੌਮਾਂਤਰੀ ਕੋਸ਼ਿਸ਼ਾਂ ਤਹਿਤ ਉੱਤਰੀ ਕੋਰੀਆ ਦੇ ਗੈਰ-ਕਾਨੂੰਨੀ ਹਥਿਆਰਾਂ ਦੇ ਪ੍ਰੋਗਰਾਮ ਨਾਲ ਆਪਣੇ ਸੰਬੰਧਾਂ ਲਈ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ 11 ਹੋਰ ਵਿਅਕਤੀਆਂ ਅਤੇ 9 ਸੰਸਥਾਵਾਂ 'ਤੇ ਪਾਬੰਦੀ ਲਾਈ ਹੈ।