ਦਰਜਨ ਦੇ ਕਰੀਬ ਭਾਰਤੀਆਂ ਦੀ ਭਾਲ ''ਚ ਜੁਟੀ ਆਸਟ੍ਰੇਲੀਆਈ ਪੁਲਸ

01/04/2019 1:13:41 PM

ਸਿਡਨੀ (ਏਜੰਸੀ)— ਆਸਟ੍ਰੇਲੀਆਈ ਪੁਲਸ ਦੋਸ਼ੀਆਂ ਨੂੰ ਫੜਨ ਲਈ ਸਰਗਰਮ ਹੈ। ਪੁਲਸ ਨੂੰ ਵੱਖ-ਵੱਖ ਮਾਮਲਿਆਂ ਵਿਚ ਦਰਜਨ ਭਰ ਦੇ ਕਰੀਬ ਭਾਰਤੀਆਂ ਤੇ ਪੰਜਾਬੀਆਂ ਦੀ ਭਾਲ ਹੈ। ਇਨ੍ਹਾਂ ਵਿਚ ਕੁਝ ਕੁੜੀਆਂ ਤੇ ਔਰਤਾਂ ਵੀ ਹਨ। ਇਨ੍ਹਾਂ ਦੋਸ਼ੀਆਂ ਵਿਰੁੱਧ ਚੋਰੀ, ਡਕੈਤੀ, ਛੇੜਛਾੜ ਤੇ ਕਤਲ ਆਦਿ ਦੇ ਮਾਮਲੇ ਦਰਜ ਹਨ। ਇਹ ਸਾਰੇ ਦੋਸ਼ੀ ਆਸਟ੍ਰੇਲੀਆ ਵਿਚ ਪੜ੍ਹਨ ਅਤੇ ਹੋਰ ਤਰ੍ਹਾਂ ਦੇ ਆਰਜ਼ੀ ਵੀਜ਼ੇ 'ਤੇ ਆਏ ਸਨ। ਹੁਣ ਇਹ ਸਾਰੇ ਰੂਪੋਸ਼ ਹਨ। ਇਨ੍ਹਾਂ ਦੋਸ਼ੀਆਂ ਦੀ ਭਾਲ ਲਈ ਪੁਲਸ ਨੇ ਆਪਣੀ ਵੈਬਸਾਈਟ 'ਤੇ ਅਤੇ ਸੋਸ਼ਲ ਮੀਡੀਆ ਜ਼ਰੀਏ ਇਸ਼ਤਿਹਾਰ ਜਾਰੀ ਕੀਤੇ ਹਨ। ਪੁਲਸ ਇਸ ਮਾਮਲੇ ਵਿਚ ਭਾਰਤੀ ਦੂਤਘਰ ਦਾ ਵੀ ਸਹਿਯੋਗ ਲੈ ਰਹੀ ਹੈ। ਫਿਲਹਾਲ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲੀ। 

ਪੁਲਸ ਮੁਤਾਬਕ 3 ਭਾਰਤੀ ਔਰਤਾਂ ਨੇ ਬੜੀ ਚਲਾਕੀ ਨਾਲ ਸ਼ਾਪਿੰਗ ਮਾਲ ਵਿਚੋਂ ਬਿਨਾਂ ਕੀਮਤ ਚੁਕਾਏ ਸਾਮਾਨ ਲੈ ਲਿਆ। ਪੁਲਸ ਕੋਲ ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਵੀ ਹੈ। ਪੁਲਸ ਨੂੰ ਇਨ੍ਹਾਂ ਦੋਸ਼ੀ ਔਰਤਾਂ ਦੇ ਨਾਮ ਅਤੇ ਪਤਾ ਨਹੀਂ ਚੱਲ ਪਾਏ ਹਨ। ਇਸ ਲਈ ਉਨ੍ਹਾਂ ਨੇ ਦੋਸ਼ੀ ਔਰਤਾਂ ਦੀਆਂ ਤਸਵੀਰਾਂ ਜਨਤਕ ਕਰ ਕੇ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਔਰਤਾਂ ਤੋਂ ਇਲਾਵਾ ਪੰਜਾਬੀ ਨੌਜਵਾਨ ਨਵਜਿੰਦਰ ਸਿੰਘ (24) ਉੱਪਰ ਵੀ ਚੋਰੀ ਕਰਨ ਦਾ ਦੋਸ਼ ਹੈ। ਉਹ ਅਦਾਲਤ ਵਿਚੋਂ ਜ਼ਮਾਨਤ ਮਿਲਣ ਦੇ ਬਾਅਦ ਭਗੌੜਾ ਹੋ ਗਿਆ ਸੀ। 

ਉਸ ਤੋਂ ਇਲਾਵਾ ਇਕ ਹੋਰ ਪੰਜਾਬੀ ਪਰਮਜੀਤ ਸਿੰਘ (39) ਦੀ ਵੀ ਪੁਲਸ ਨੂੰ ਤਲਾਸ਼ ਹੈ। ਪਰਮਜੀਤ ਪਿਛਲੇ 30 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਉਹ 8 ਸਾਲ ਦੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਆਇਆ ਸੀ। ਸਮਾਂ ਪਾ ਕੇ ਪਰਮਜੀਤ ਦੇ ਮਾਤਾ-ਪਿਤਾ ਦਾ ਵੀਜ਼ਾ ਰੱਦ ਹੋ ਗਿਆ। ਇਸ ਸਬੰਧੀ ਅਦਾਲਤ ਵਿਚ ਕੇਸ ਹਾਰਨ ਦੇ ਬਾਅਦ ਉਸ ਦੇ ਮਾਤਾ-ਪਿਤਾ ਵਾਪਸ ਚਲੇ ਗਏ ਪਰ ਪਰਮਜੀਤ ਕਿਸੇ ਤਰ੍ਹਾਂ ਇੱਥੇ ਰਹਿ ਗਿਆ। ਇਮੀਗ੍ਰੇਸ਼ਨ ਸੈਂਟਰ ਨੇ ਸਾਲ 1998 ਵਿਚ ਉਸ ਨੂੰ ਪੀ.ਆਰ. ਦੇ ਦਿੱਤੀ ਪਰ ਇਕ ਮਾਮਲੇ ਵਿਚ ਜੇਲ ਜਾਣ ਦੇ ਬਾਅਦ ਇਹ ਪੀ.ਆਰ. ਰੱਦ ਹੋ ਗਈ। ਹੁਣ ਉਹ ਪੁਲਸ ਨੂੰ ਨਹੀਂ ਮਿਲ ਰਿਹਾ। 

ਉਕਤ ਦੋਸ਼ੀਆਂ ਦੇ ਇਲਾਵਾ ਗੁਰਮੀਤ ਸਿੰਘ (22), ਤੇਗਬੀਰ ਸਿੰਘ (21), ਰਾਜਵਿੰਦਰ ਸਿੰਘ, ਅਮਰ ਸਿੰਘ (30) 'ਤੇ ਹੋਰ ਵੀ ਕਈ ਪੰਜਾਬੀ-ਭਾਰਤੀ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਹਨ। ਦੇਸ਼ ਵਿਚ ਕਰੀਬ 65,000 ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਚੁੱਕਾ ਹੈ ਤੇ ਉਹ ਰੂਪੋਸ਼ ਹਨ। ਪੁਲਸ ਇਨ੍ਹਾਂ ਸਾਰੇ ਦੋਸ਼ੀਆਂ ਦੀ ਭਾਲ ਵਿਚ ਸਰਗਰਮ ਹੈ।

Vandana

This news is Content Editor Vandana