ਚੀਨੀ ਕਾਰੋਬਾਰੀ ਨਾਲ ਸਬੰਧਾਂ ਨੂੰ ਲੈ ਕੇ ਆਸਟ੍ਰੇਲੀਆਈ ਸੰਸਦ ਮੈਂਬਰ ਨੇ ਦਿੱਤਾ ਅਸਤੀਫਾ

11/30/2017 2:59:04 PM

ਵਾਸ਼ਿੰਗਟਨ (ਭਾਸ਼ਾ)- ਆਸਟ੍ਰੇਲੀਆ ’ਚ ਵਿਰੋਧੀ ਧਿਰ ਦੇ ਇਕ ਸੰਸਦ ਮੈਂਬਰ ਨੇ ਚੀਨ ਦੇ ਇਕ ਅਮੀਰ ਕਾਰੋਬਾਰੀ ਅਤੇ ਰਾਜਨੀਤਕ ਦਾਨਦਾਤਾ ਨਾਲ ਸਬੰਧਾਂ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੱਧ ਵਾਮ ਲੇਬਰ ਪਾਰਟੀ ’ਚ ਡਿਪਟੀ ਵ੍ਹਿਪ ਰਹੇ ਅਤੇ ਪੱਤਰਕਾਰਿਤਾ ਦੇ ਭਵਿੱਖ ਦਾ ਵਿਸ਼ਲੇਸ਼ਣ ਕਰ ਰਹੀ ਸੰਸਦੀ ਕਮੇਟੀ ਦੇ ਚੇਅਰਮੈਨ ਸੈਨੇਟਰ ਸੈਮ ਦਾਸਤਯਾਰੀ ਨੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੇ ਕਾਰੋਬਾਰੀ ਹੁਆਂਗ ਸ਼ਿਆਂਗਮੋ ਨਾਲ ਸਬੰਧਾਂ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਆਪਣਾ ਅਸਤੀਫਾ ਦਿੱਤਾ ਹੈ। ਫੇਅਰ ਫੈਕਸ ਮੀਡੀਆ ਦੀ ਇਸ ਹਫਤੇ ਆਈ ਖਬਰ ਮੁਤਾਬਕ ਦਾਸਤਯਾਰੀ ਨੇ ਹੁਆਂਗ ਨੂੰ ਪਿਛਲੇ ਸਾਲ ਅਕਤੂਬਰ ਵਿਚ ਕਾਰੋਬਾਰੀ ਦੇ ਸਿਡਨੀ ਸਥਿਤ ਰਿਹਾਇਸ਼ ਵਿਚ ਮੁਲਾਕਾਤ ਦੇ ਸਮੇਂ ਨਿਗਰਾਨੀ ਦੀ ਰੋਕਥਾਮ ਦੀ ਸਲਾਹ ਦਿੱਤੀ ਸੀ। ਖਬਰ ਮੁਤਾਬਕ ਦਾਸਤਿਆਰੀ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਆਸਟ੍ਰੇਲੀਆ ਦੀਆਂ ਖੁਫੀਆ ਏਜੰਸੀਆਂ ਉਨ੍ਹਾਂ ਦੀ ਗੱਲਬਾਤ ਸੁਣ ਰਹੀ ਹੈ ਤਾਂ ਉਨ੍ਹਾਂ ਨੂੰ ਘਰ ਅੰਦਰ ਅਪਨਾ ਫੋਨ ਛੱਡ ਦੇਣਾ ਚਾਹੀਦਾ ਅਤੇ ਗੱਲਬਾਤ ਕਰਨ ਲਈ ਬਾਹਰ ਜਾਣਾ ਚਾਹੀਦਾ ਹੈ। ਦਾਸਤਯਾਰੀ ਨੇ ਇਨ੍ਹਾਂ ਖਬਰਾਂ ਨੂੰ ਰੱਦ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਸ ਸਮੇਂ ਹੁਆਂਗ ਉੱਤੇ ਆਸਟ੍ਰੇਲੀਆ ਦੀਆਂ ਖੁਫੀਆ ਏਜੰਸੀਆਂ ਦੀ ਨਜ਼ਰ ਸੀ।