ਜੰਗਲੀ ਅੱਗ ਦੇ ਖਤਰਨਾਕ ਧੂੰਏਂ ਦਾ ਪ੍ਰਭਾਵ ਆਸਟ੍ਰੇਲੀਆਈ ਓਪਨ ਦੀ ਤਿਆਰੀ ''ਤੇ

01/15/2020 9:15:44 AM

ਮੈਲਬੌਰਨ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਨਿਕਲੇ ਖਤਰਨਾਕ ਧੂੰਏਂ ਦਾ ਅਸਰ ਆਸਟ੍ਰੇਲੀਆਈ ਓਪਨ ਦੀਆਂ ਤਿਆਰੀਆਂ 'ਤੇ ਪਿਆ ਜਦ ਮੰਗਲਵਾਰ ਨੂੰ ਇਕ ਕੁਆਲੀਫਾਇਰ ਸਾਹ ਲੈਣ 'ਚ ਤਕਲੀਫ ਕਾਰਨ ਰਿਟਾਇਰ ਹੋ ਗਈ ਜਦਕਿ ਯੂਜੀਨੀ ਬੂਚਾਰਡ ਨੂੰ ਮੈਡੀਕਲ ਮਦਦ ਲੈਣੀ ਪਈ। ਮੈਲਬੌਰਨ 'ਚ ਹਵਾ ਦੀ ਗੁਣਵੱਤਾ ਦੁਨੀਆ 'ਚ ਸਭ ਤੋਂ ਖਰਾਬ ਹੋ ਗਈ ਹੈ। ਇਨ੍ਹਾਂ ਹਾਲਾਤਾਂ 'ਚ ਸਾਲ ਦੇ ਪਹਿਲੇ ਗ੍ਰੈਂਡਸਲੈਮ ਦੇ ਕੁਆਲੀਫਾਇੰਗ ਮੁਕਾਬਲੇ ਦੇਰੀ ਨਾਲ ਸ਼ੁਰੂ ਹੋਏ। ਸਲੋਵੇਨਿਆ ਦੀ ਡਾਲਿਲਾ ਜਾਕੁਪੋਲਿਚ ਨੂੰ ਸਵਿਟਜ਼ਰਲੈਂਡ ਖਿਲਾਫ ਮੈਚ 'ਚ ਵਾਰ-ਵਾਰ ਖਾਂਸੀ ਆਉਣ ਦੇ ਬਾਅਦ ਪਿੱਛੇ ਹਟਣਾ ਪਿਆ। ਉੱਥੇ ਬੂਚਾਰਡ ਨੂੰ ਛਾਤੀ 'ਚ ਤਕਲੀਫ ਕਾਰਨ ਮੈਡੀਕਲ ਟਾਈਮ ਆਊਟ ਲੈਣਾ ਪਿਆ। ਬਾਅਦ 'ਚ ਉਸ ਨੇ ਤੀਜਾ ਸੈੱਟ ਅਤੇ ਮੈਚ ਜਿੱਤਿਆ। ਮਾਰਿਆ ਸ਼ਾਰਾਪੋਵਾ ਨੂੰ ਵੀ ਇਕ ਨੁਮਾਇਸ਼ੀ ਮੈਚ 'ਚ ਵਾਰ-ਵਾਰ ਖਾਂਸੀ ਕਾਰਨ ਬ੍ਰੇਕ ਲੈਣੀ ਪਈ।

ਆਸਟਰੇਲੀਆ 'ਚ ਲੱਗੀ ਅੱਗ ਨੂੰ ਇਤਿਹਾਸ 'ਚ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਅੱਗ ਕਾਰਣ ਹੁਣ ਤੱਕ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲਗਭਗ ਇਕ ਕਰੋੜ ਹੈਕਟੇਅਰ ਜ਼ਮੀਨ ਸੜ ਗਈ ਹੈ, 2000 ਤੋਂ ਜ਼ਿਆਦਾ ਘਰ ਅੱਗ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਕਈ ਨਸਲਾਂ ਖਤਮ ਹੋਣ ਕੰਢੇ ਪਹੁੰਚ ਗਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਸਲਾਹ ਦਿੱਤੀ ਹੈ।