ਲੰਡਨ ਹਮਲੇ ਦੇ ਸ਼ਿਕਾਰ ਪੀੜਤਾਂ ਦੀ ਮਦਦ ਦੌਰਾਨ ਆਸਟਰੇਲੀਅਨ ਔਰਤ ਦੀ ਹੋਈ ਮੌਤ, ਪਰਿਵਾਰ ਨੇ ਸਾਂਝਾ ਕੀਤਾ ਦੁੱਖ

06/06/2017 7:08:17 PM

ਆਸਟਰੇਲੀਆ— ਬੀਤੇ ਸ਼ਨੀਵਾਰ ਨੂੰ ਲੰਡਨ 'ਚ ਹੋਏ ਅੱਤਵਾਦੀ ਹਮਲੇ 'ਚ ਆਸਟਰੇਲੀਅਨ ਔਰਤ ਦੀ ਮੌਤ ਹੋ ਗਈ ਹੈ। ਇਹ ਪੁਸ਼ਟੀ ਉਸ ਦੇ ਪਰਿਵਾਰ ਨੇ ਕੀਤੀ ਹੈ। ਆਸਟਰੇਲੀਅਨ ਔਰਤ ਕਿਸਟੀ ਬੋਡੇਨ, ਜੋ ਕਿ ਪੇਸ਼ੇ ਤੋਂ ਨਰਸ ਸੀ। ਕਿਸਟੀ ਹਮਲੇ ਦੌਰਾਨ ਪੀੜਤਾਂ ਦੀ ਮਦਦ ਕਰਨ ਲਈ ਦੌੜ ਸੀ, ਜਿਸ 'ਚ ਉਸ ਦੀ ਵੀ ਮੌਤ ਹੋ ਗਈ। 28 ਸਾਲਾ ਕਿਸਟੀ ਬੋਡੇਨ ਦੱਖਣੀ ਆਸਟਰੇਲੀਆ ਦੀ ਵਾਸੀ ਹੈ ਅਤੇ ਕੁਝ ਸਮੇਂ ਪਹਿਲਾਂ ਉਹ ਲੰਡਨ 'ਚ ਰਹਿ ਰਹੀ ਸੀ ਅਤੇ ਇੱਥੇ ਨਰਸ ਵਜੋਂ ਕੰਮ ਕਰ ਰਹੀ ਸੀ। 
ਕਿਸਟੀ ਦਾ ਪਰਿਵਾਰ ਇਸ ਸਮੇਂ ਡੂੰਘੇ ਦੁੱਖ 'ਚੋਂ ਲੰਘ ਰਿਹਾ ਹੈ। ਪਰਿਵਾਰ ਨੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਕਿਸਟੀ ਆਪਣੇ ਪਰਿਵਾਰ, ਦੋਸਤਾਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਬਹੁਤ ਹੀ ਦਿਆਲੂ ਅਤੇ ਖੁੱਲ੍ਹੇ ਵਿਅਕਤੀਤੱਵ ਵਾਲੀ ਸੀ ਅਤੇ ਲੋਕਾਂ ਦੀ ਮਦਦ ਕਰਨਾ ਉਸ ਨੂੰ ਚੰਗਾ ਲੱਗਦਾ ਸੀ। ਉਸ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇਹ ਗੱਲਾਂ ਆਖੀਆਂ।
ਦੱਸਣ ਯੋਗ ਹੈ ਕਿ ਲੰਡਨ 'ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਲੰਡਨ ਬ੍ਰਿਜ ਅਤੇ ਬਾਰੋ ਮਾਰਕੀਟ 'ਚ ਅੱਤਵਾਦੀ ਨੇ ਪੈਦਲ ਲੋਕਾਂ 'ਤੇ ਗੱਡੀ ਚੜ੍ਹਾ ਦਿੱਤੀ ਅਤੇ ਫਿਰ ਮਾਰਕੀਟ 'ਚ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 48 ਲੋਕ ਜ਼ਖਮੀ ਹੋ ਗਏ ਸਨ। ਲੰਡਨ ਬ੍ਰਿਜ 'ਤੇ ਹਮਲੇ ਦੌਰਾਨ ਕਿਸਟੀ ਪੀੜਤ ਲੋਕਾਂ ਦੀ ਮਦਦ ਲਈ ਦੌੜੀ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸਟੀ ਹਾਰ ਗਈ। ਪਰਿਵਾਰ ਨੇ ਕਿਹਾ ਕਿ ਅਸੀਂ ਉਸ 'ਤੇ ਮਾਣ ਕਰਦੇ ਹਾਂ ਕਿ ਉਸ ਨੇ ਅਜਿਹੇ ਸਮੇਂ ਵੀ ਬਹਾਦਰੀ ਦਿਖਾਈ। ਕਿਸਟੀ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਤੈਨੂੰ ਖੁਸ਼ੀ ਨਾਲ ਯਾਦ ਕਰਾਂਗੇ।