ਆਸਟ੍ਰੇਲੀਅਨ ਅਖ਼ਬਾਰ ਨੇ ਵਿਦੇਸ਼ਾਂ ''ਚ ਡ੍ਰੈਗਨ ਦੀ ਘੁਸਪੈਠ ਦਾ ਕੀਤਾ ਪਰਦਾਫਾਸ਼

12/15/2020 6:03:23 PM

ਮੈਲਬੌਰਨ/ਬੀਜਿੰਗ (ਬਿਊਰੋ): ਆਸਟ੍ਰੇਲੀਆ ਅਤੇ ਚੀਨ  ਦਰਮਿਆਨ ਜਾਰੀ ਤਣਾਅ ਦੇ ਵਿਚ ਇੱਥੇ ਸੋਮਵਾਰ ਨੂੰ ਮੀਡੀਆ ਦੀ ਇਕ ਖ਼ਬਰ ਵਿਚ ਵੱਡਾ ਖੁਲਾਸਾ ਕੀਤਾ ਗਿਆ। ਚੀਨੀ ਕਮਿਊਨਿਸਟ ਪਾਰਟੀ ਦੇ 29 ਲੱਖ ਕਾਰਕੁੰਨਾਂ ਦੇ ਲੀਕ ਹੋਏ ਡਾਟਾ ਨੇ ਡ੍ਰੈਗਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਆਸਟ੍ਰੇਲੀਆਈ ਮੀਡੀਆ 'ਦੀ ਆਸਟ੍ਰੇਲੀਅਨ' ਨੇ ਆਪਣੀ ਰਿਪੋਰਟ ਵਿਚ ਲੀਕ ਹੋਏ ਡਾਟਾ ਤੋਂ  ਦੁਨੀਆ ਭਰ ਵਿਚ ਰਹਿ ਰਹੇ ਅਤੇ ਕੰਮ ਕਰ ਰਹੇ ਚੀਨੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੇ ਕਰੀਬ 20 ਲੱਖ ਕਥਿਤ ਕਾਰਕੁੰਨਾਂ ਦੇ ਅਹੁਦੇ, ਜਨਮ ਦੀ ਤਰੀਕ, ਰਾਸ਼ਟਰੀ ਪਛਾਣ ਪੱਤਰ ਨੰਬਰ, ਕੌਮੀਅਤ ਜਿਹੇ ਅਧਿਕਾਰਤ ਰਿਕਾਰਡ ਦਾ ਖੁਲਾਸਾ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਹ ਕਾਰਕੁੰਨ ਦੁਨੀਆ ਭਰ ਦੇ ਵਪਾਰਕ ਦੂਤਾਵਾਸਾਂ, ਰੱਖਿਆ, ਬੈਂਕ ਅਤੇ ਗਲੋਬਲ ਕੰਪਨੀਆਂ ਵਿਚ ਕੰਮ ਕਰਦੇ ਹਨ।

ਦੁਨੀਆ ਭਰ ਵਿਚ ਵੱਡੇ ਅਹੁਦਿਆਂ 'ਤੇ ਤਾਇਨਾਤ
ਇਸ ਰਿਪੋਰਟ ਵਿਚ ਦੀ ਆਸਟ੍ਰੇਲੀਅਨ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਕਥਿਤ ਸੀ.ਪੀ.ਸੀ. ਮੈਂਬਰ ਰੱਖਿਆ ਅਤੇ ਬੈਂਕ ਦੇ ਖੇਤਰਾਂ ਵਿਚ ਦੁਨੀਆ ਦੇ ਕੁਝ ਵੱਡੇ ਕਾਰਪੋਰੇਸ਼ਨਾਂ ਵਿਚ ਅਤੇ ਕੋਰੋਨਾਵਾਇਰਸ ਦੇ ਟੀਕੇ ਦੇ ਨਿਰਮਾਣ ਵਿਚ ਲੱਗੀਆਂ ਵੱਡੀਆਂ ਦਵਾਈ ਕੰਪਨੀਆਂ ਵਿਚ ਨਿਯੁਕਤ ਕੀਤੇ ਗਏ। ਅਖ਼ਬਾਰ ਦੇ ਮੁਤਾਬਕ, ਜਿਹੜੀਆਂ ਕੰਪਨੀਆਂ ਵਿਚ ਸੀ.ਪੀ.ਸੀ. ਦੇ ਮੈਂਬਰ ਕੰਮ 'ਤੇ ਲਗਾਏ ਗਏ ਹਨ ਉਹ ਬੋਇੰਗ ਅਤੇ ਵੋਲਕਸਵੇਗਨ, ਦਵਾਈ ਕੰਪਨੀਆਂ-ਫਾਈਜ਼ਰ ਅਤੇ ਐਸਟ੍ਰਾਜੇਨੇਕਾ ਅਤੇ ਏ.ਐੱਨ.ਜੈੱਡ ਤੇ ਐੱਚ.ਐੱਸ.ਬੀ.ਸੀ. ਸਮੇਤ ਵਿੱਤੀ ਸੰਸਥਾਵਾਂ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਹੈਲੀਕਾਪਟਰ ਕਰੈਸ਼, 2 ਦੀ ਮੌਤ

19.5 ਲੱਖ ਸੀ.ਪੀ.ਸੀ. ਮੈਂਬਰਾਂ ਦਾ ਡਾਟਾ ਲੀਕ
ਇਸ ਲੀਕ ਡਾਟਾ ਵਿਚ 19.5 ਲੱਕ ਸੀ.ਪੀ.ਸੀ. ਮੈਂਬਰਾਂ ਦੇ ਵੇਰਵੇ ਦਾ ਖੁਲਾਸਾ ਕੀਤਾ ਗਿਆ ਹੈ। ਇਸ ਡਾਟਾ ਨੂੰ ਵ੍ਹੀਸਲਬਲੋਅਰ ਨੇ ਚੀਨ ਦੀ ਵਪਾਰਕ ਰਾਜਧਾਨੀ ਸ਼ੰਘਾਈ ਦੇ ਸਰਵਰ ਤੋਂ ਹਾਸਲ ਕੀਤਾ ਸੀ। 'ਦੀ ਆਸਟ੍ਰੇਲੀਅਨ' ਦੇ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਕਿ ਸੰਘਾਈ ਵਿਚ ਘੱਟੋ-ਘੱਟ 10 ਵਪਾਰਕ ਦੂਤਾਵਾਸਾਂ ਵਿਚ ਸੀ.ਪੀ.ਸੀ. ਮੈਂਬਰ ਸੀਨੀਅਰ ਰਾਜਨੀਤਕ ਅਤੇ ਸਰਕਾਰੀ ਮਾਹਰ, ਲਿਪਿਕ, ਆਰਥਿਕ ਸਲਾਹਕਾਰ ਅਤੇ ਕਾਰਜਕਾਰੀ ਸਹਾਇਕ ਦੇ ਰੂਪ ਵਿਚ ਨਿਯੁਕਤ ਕੀਤੇ ਗਏ ਹਨ।

ਇਹਨਾਂ ਅਹੁਦਿਆਂ 'ਤੇ ਕਰ ਰਹੇ ਕੰਮ
ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸੱਤਾਧਾਰੀ ਸੀ.ਪੀ.ਸੀ. ਸ਼ੰਘਾਈ ਵਿਚ ਆਸਟ੍ਰੇਲੀਆਈ, ਬ੍ਰਿਟਿਸ਼ ਅਤੇ ਅਮਰੀਕੀ ਕੌਂਸਲੇਟ ਵਿਚ ਘੁਸਪੈਠ ਕਰ ਚੁੱਕੀ ਹੈ। ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਸਥਾਨਕ ਕਰਮੀਆਂ ਦੀ ਭਰਤੀ ਦੇ ਲਈ ਚੀਨੀ ਸਰਕਾਰੀ ਏਜੰਸੀ ਦੀ ਮਦਦ ਲੈਂਦਾ ਹੈ। ਇਸ ਵਿਚ 79,000 ਬ੍ਰਾਂਚਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ ਅਤੇ ਉਹਨਾਂ ਵਿਚੋਂ ਕਈ ਕੰਪਨੀਆਂ, ਯੂਨੀਵਰਸਿਟੀਆਂ ਅਤੇ ਸਰਕਾਰੀ ਏਜੰਸੀਆਂ ਵਿਚ ਹਨ।

ਨੋਟ- ਆਸਟ੍ਰੇਲੀਅਨ ਅਖ਼ਬਾਰ ਨੇ ਵਿਦੇਸ਼ਾਂ 'ਚ ਡ੍ਰੈਗਨ ਦੀ ਘੁਸਪੈਠ ਦਾ ਕੀਤਾ ਪਰਦਾਫਾਸ਼, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana