ਇਸ ਆਸਟਰੇਲੀਅਨ ਕੁੱਤੇ ਦੀ ਹੋਈ ਮੌਤ, ਪੈਂਗੁਇਨਾਂ ਨੂੰ ਬਚਾ ਕੇ ਕੌਮਾਂਤਰੀ ਪੱਧਰ ''ਤੇ ਖੱਟੀ ਸੀ ਸ਼ੋਹਰਤ

02/16/2017 4:58:08 PM

ਸਿਡਨੀ— ਪੈਂਗੁਇਨਾਂ ਨੂੰ ਬਚਾ ਕੇ ਕੌਮਾਂਤਰੀ ਪੱਧਰ ''ਤੇ ਪ੍ਰਸਿੱਧੀ ਖੱਟਣ ਵਾਲੇ ਆਸਟਰੇਲੀਅਨ ਕੁੱਤੇ ਦੀ ਮੌਤ ਹੋ ਗਈ ਹੈ। ਇਸ ਕੁੱਤੇ ਦੀ ਉਮਰ 15 ਸਾਲਾਂ ਸੀ। ਓਡਬਾਲ ਨਾਮੀ ਇਹ ਕੁੱਤਾ ਮਰੇਮਮਾ ਸ਼ੀਪਡਾਗ ਨਸਲ ਦਾ ਸੀ ਅਤੇ ਇਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਜਾਣਕਾਰੀ ਮੁਤਾਬਕ ਸਾਲ 2005-06 ਦੌਰਾਨ ਵਿਕਟੋਰੀਆ ਸੂਬੇ ਦੇ ਵੌਰਨਮਬੂਲ ਇਲਾਕੇ ਦੇ ਤੱਟ ''ਤੇ ਲੂੰਬੜੀਆਂ ਵਲੋਂ ਹਮਲੇ ਕਰਨ ਕਾਰਨ ਪੈਂਗੁਇਨਾਂ ਦੀ ਗਿਣਤੀ ਲਗਾਤਾਰ ਘੱਟਣੀ ਸ਼ੁਰੂ ਹੋ ਗਈ। ਇਸ ''ਤੇ ਇਲਾਕੇ ''ਚ ਮੁਰਗੀਆਂ ਪਾਲਣ ਵਾਲੇ ਐਲਨ ਮਾਰਸ਼ ਨਾਮੀ ਇੱਕ ਕਿਸਾਨ ਨੇ ਪ੍ਰਸ਼ਾਸਨ ਨੂੰ ਇਹ ਸੁਝਾਅ ਦਿੱਤਾ ਕਿ ਪੈਂਗੁਇਨਾਂ ਦੀ ਸੁਰੱਖਿਆ ਲਈ ਮਰੇਮਮਾ ਸ਼ੀਪਡਾਗ ਨਸਲ ਦੇ ਕੁੱਤਿਆਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਦੀਆਂ ਮੁਰਗੀਆਂ ਦੀ ਸੁਰੱਖਿਆ ਵੀ ਇਸ ਨਸਲ ਦੇ ਕੁੱਤੇ ਹੀ ਕਰਦੇ ਸਨ। ਉਸ ਦੀ ਇਹ ਯੋਜਨਾ ਸਫਲ ਰਹੀ ਅਤੇ ਇਸ ਕੰਮ ਲਈ ਓਡਬਾਲ ਨੂੰ ਉੱਥੇ ਤਾਇਨਾਤ ਕੀਤਾ ਗਿਆ। ਓਡਬਾਲ ਉੱਥੇ ਸਿਰਫ਼ ਦੋ ਹਫ਼ਤੇ ਰਿਹਾ ਪਰ ਉਸ ਨੇ ਬੜੀ ਬਹਾਦਰੀ ਨਾਲ ਪੈਂਗੁਇਨਾਂ ਨੂੰ ਲੂੰਬੜੀਆਂ ਤੋਂ ਬਚਾਇਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਇਲਾਕੇ ''ਚ ਪੈਂਗੁਇਨਾਂ ਦੀ ਸੁਰੱਖਿਆ ''ਚ ਮਰੇਮਮਾ ਸ਼ੀਪਡਾਗ ਨਸਲ ਦੇ ਕੁੱਤਿਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਇਸ ਕਾਰਨ ਸਾਲ 2015 ਤੱਕ ਇੱਥੇ ਪੈਂਗੁਇਨਾਂ ਦੀ ਗਿਣਤੀ ਵਧ ਕੇ 130 ਹੋ ਗਈ ਹੈ। ਦੱਸ ਦਈਏ ਕਿ ਓਡਬਾਲ ਦੀ ਜ਼ਿੰਦਗੀ ''ਤੇ ਇੱਕ ਫਿਲਮ ਵੀ ਬਣ ਚੁੱਕੀ ਹੈ।