ਆਸਟਰੇਲੀਆ ''ਚ ਕੋਰੋਨਾ ਦੇ ਮਾਮਲੇ 4,800 ਪਾਰ, ਬਚੀ ਇਹ ਆਖਰੀ ਉਮੀਦ

04/01/2020 7:03:30 PM

ਮੈਲਬੌਰਨ- ਪੂਰੀ ਦੁਨੀਆ ਦੇ ਨਾਲ ਆਸਟਰੇਲੀਆ ਵੀ ਕੋਰੋਨਾਵਾਇਰਸ ਦੀ ਮਾਰ ਝੱਲ ਰਿਹਾ ਹੈ। ਇਸ ਜਾਨਲੇਵਾ ਵਾਇਰਸ ਕਾਰਨ ਆਸਟਰੇਲੀਆ ਵਿਚ ਬੁੱਧਵਾਰ ਤੱਕ 21 ਲੋਕਾਂ ਦੀ ਮੌਤ ਹੋ ਗਈ ਤੇ ਇਨਫੈਕਸ਼ਨ ਦੇ ਮਾਮਲੇ 4800 ਦਾ ਅੰਕੜਾ ਪਾਰ ਕਰ ਗਏ। ਇਸ ਦੀ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੰਦਿਆਂ ਕਿਹਾ ਕਿ ਹੁਣ ਇਸ ਬੀਮਾਰੀ ਦਾ ਟੀਕਾ ਹੀ ਦੇਸ਼ ਦੀ ਆਖਰੀ ਉਮੀਦ ਹੈ।

ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਵਿਚ ਤਕਰੀਬਨ 2.5 ਲੱਖ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ, ਜਿਹਨਾਂ ਵਿਚੋਂ 4,860 ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਸੰਘੀ ਸਰਕਾਰ ਨੇ ਬੁੱਧਵਾਰ ਨੂੰ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਇਕੱਲੇ ਨਿਊ ਸਾਊਥ ਵੇਲਸ ਵਿਚ ਹੀ 1 ਲੱਖ ਟੈਸਟ ਕੀਤੇ ਗਏ ਹਨ। ਇਸ ਜਾਨਲੇਵਾ ਵਾਇਰਸ ਕਾਰਨ ਮੌਤਾਂ ਦਾ ਅੰਕੜਾ 21 ਹੋ ਗਿਆ ਹੈ। ਵਾਇਰਸ ਕਾਰਨ ਤਾਜ਼ਾ ਮੌਤ ਦਾ ਮਾਮਲਾ ਨਿਊ ਸਾਊਥ ਵੇਲਸ ਦੇ ਓਰੇਂਜ ਬੇਸ ਹਸਪਤਾਲ ਵਿਚ ਸਾਹਮਣੇ ਆਇਆ ਹੈ। ਇਸ ਦੌਰਾਨ ਪੱਛਮੀ ਸਾਊਥ ਵੇਲਸ ਦੇ ਸਿਹਤ ਅਧਿਕਾਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਰਿਵਾਰ ਦੀ ਅਪੀਲ ਕਾਰਨ ਪੀੜਤ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ।

ਜਾਨਲੇਵਾ ਵਾਇਰਸ ਕਾਰਨ ਆਸਟਰੇਲੀਆਂ ਆਉਣ ਵਾਲੇ ਲੋਕਾਂ ਨੂੰ ਦੇਸ਼ ਵਿਚ ਦਾਖਲੇ ਤੋਂ ਬਾਅਦ ਕੁਆਰੰਟੀਨ ਰੱਖਿਆ ਜਾ ਰਿਹਾ ਹੈ। ਹੁਣ ਤੱਕ ਤਕਰੀਬਨ 5500 ਲੋਕਾਂ ਨੂੰ ਵੱਖ-ਵੱਖ ਹੋਟਲਾਂ ਵਿਚ ਕੁਆਰੰਟੀਨ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਆਸਟਰੇਲੀਆ ਦੇ ਸਭ ਤੋਂ ਪ੍ਰਭਾਵਿਤ ਸੂਬੇ ਨਿਊ ਸਾਊਥ ਵੇਲਸ ਵਿਚ 2000 ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੁਈਨਸਲੈਂਡ ਵਿਚ 750 ਤੋਂ ਵਧੇਰੇ, ਵੈਸਟ ਆਸਟਰੇਲੀਆ ਵਿਚ 355 ਤੇ ਸਾਊਥ ਆਸਟਰੇਲੀਆ ਵਿਚ 305 ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਆਸਟਰੇਲੀਆ ਦੇ ਡਿਪਟੀ ਚੀਫ ਮੈਡੀਕਲ ਅਫਸਰ ਪਾਲ ਕੈਲੀ ਨੇ ਮੰਨਿਆ ਕਿ ਹੁਣ ਇਕ ਅਸਰਦਾਰ ਦਵਾਈ ਨਾਲ ਹੀ ਇਸ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸਰਦਾਰ ਟੀਕੇ ਬਿਨਾਂ ਇਸ ਵਾਇਰਸ ਨੂੰ ਰੋਕਿਆ ਜਾ ਸਕੇਗਾ। ਉਹਨਾਂ ਕਿਹਾ ਕਿ ਦੁਨੀਆ ਭਰ ਦੇ ਵਿਗਿਆਨੀ ਇਸ ਦੀ ਦਵਾਈ ਲਈ ਸਖਤ ਮਿਹਨਤ ਕਰ ਰਹੇ ਹਨ ਪਰ ਇਹ ਇੰਨਾ ਆਸਾਨ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ ਵਿਸ਼ਵ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ਮੁਤਾਬਕ ਵਾਇਰਸ ਦੇ ਕੁੱਲ ਮਾਮਲੇ 8.7 ਲੱਖ ਦਾ ਅੰਕੜਾ ਪਾਰ ਕਰ ਗਏ ਹਨ ਤੇ ਇਸ ਵਾਇਰਸ ਕਾਰਨ 43 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ 1.84 ਲੱਖ ਲੋਕਾਂ ਨੂੰ ਇਲਾਜ ਤੋਂ ਬਾਅਦ ਉਹਨਾਂ ਦੇ ਘਰਾਂ ਵਿਚ ਵਾਪਸ ਭੇਜ ਦਿੱਤਾ ਗਿਆ ਹੈ।

Baljit Singh

This news is Content Editor Baljit Singh