ਆਪਣੀ ਹੀ ਧਰਤੀ ''ਤੇ ਅਜਨਬੀ ਬਣ ਕੇ ਰਹਿ ਗਏ ਹਨ ਆਸਟਰੇਲੀਆ ਦੇ ਮੂਲ ਵਾਸੀ ਐਬੋਰਿਜਨਲਜ਼, ਪੜ੍ਹੋ ਇਨ੍ਹਾਂ ਦੀ ਪੂਰੀ ਕਹਾਣੀ

01/25/2017 1:56:32 PM

ਸਿਡਨੀ— ਆਸਟਰੇਲੀਆ ਦੇ ਮੂਲ ਵਾਸੀ ਐਬੋਰਿਜਨਲਜ਼ ਬਹੁਤ ਹੀ ਭਲੇ ਲੋਕ ਹਨ । ਇੱਥੋਂ ਦੀ ਧਰਤੀ ਦੇ ਅਸਲੀ ਵਾਰਿਸ ਇਹ ਲੋਕ ਗੋਰਿਆਂ (ਇੰਗਲੈਂਡ ਵਾਸੀਆਂ) ਦੇ ਪਹੁੰਚਣ ਤੋਂ 60,000 ਸਾਲ ਜਾਂ ਇਸ ਤੋਂ ਵੀ ਵਧੀਕ ਸਮੇਂ ਤੋਂ ਇੱਥੇ ਵੱਸੇ ਹੋਏ ਸਨ। ਸਾਲ 1788 ''ਚ ਜ਼ੇਮਜ਼ ਕੁੱਕ ਆਪਣੀ ਟੋਲੀ ਸਮੇਤ ਆਸਟਰੇਲੀਆ ਦੇ ਉਸ ਇਲਾਕੇ ''ਚ ਪਹੁੰਚਿਆ, ਜਿੱਥੇ ਅੱਜ-ਕੱਲ੍ਹ ਸਿਡਨੀ ਸ਼ਹਿਰ ਵੱਸਿਆ ਹੋਇਆ ਹੈ। ਉਸ ਦਾ ਮਕਸਦ ਬਿਲਕੁਲ ਓਹੀ ਸੀ, ਜਿਹੜਾ ਭਾਰਤ ''ਚ ਵੱਸੇ ਗੋਰਿਆਂ ਦਾ ਸੀ ਭਾਵ ਕਿ ਆਸਟਰੇਲੀਆ ਨੂੰ ਆਪਣੀ ਬਸਤੀ ਬਣਾਉਣਾ ਅਤੇ ਉਸ ''ਤੇ ਰਾਜ ਕਰਨਾ। 
ਜਦੋਂ ਐਬੋਰਿਜ਼ਨਲ ਲੋਕਾਂ ਦੀ ਧਰਤੀ ਗੋਰਿਆਂ ਦੀ ਬਸਤੀ ਬਣੀ ਤਾਂ ਸਭ ਤੋਂ ਪਹਿਲਾਂ ਨੁਕਸਾਨ ਇਹ ਹੋਇਆ ਕਿ ਇੱਥੇ ਮਹਾਂਮਾਰੀ ਫੈਲ ਗਈ। ਗੋਰੇ ਆਪਣੇ ਨਾਲ ਇੱਥੇ ਚਿਕਨਪੌਕਸ, ਸਮਾਲਪੌਕਸ ਅਤੇ ਮੀਜ਼ਲਜ਼ ਸਮੇਤ ਹੋਰ ਬਹੁਤ ਸਾਰੀਆਂ ਬੀਮਾਰੀਆਂ ਲੈ ਆਏ। ਸ਼ੁੱਧ ਵਾਤਾਵਰਣ ''ਚ ਜ਼ਿੰਦਗੀ ਜੀ ਰਹੇ ਮੂਲ ਵਾਸੀਆਂ ਦੇ ਸਰੀਰ ਇਨ੍ਹਾਂ ਬੀਮਾਰੀਆਂ ਤੋਂ ਬਿਲਕੁਲ ਅਣਛੋਹੇ ਅਤੇ ਅਣਜਾਣ ਸਨ। ਨਤੀਜੇ ਵਜੋਂ ਇਨ੍ਹਾਂ ਬੀਮਾਰੀਆਂ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ। ਬੀਮਾਰੀਆਂ ਤੋਂ ਇਲਾਵਾ ਦੂਜਾ ਕਹਿਰ ਢਾਹੁੰਦਿਆਂ ਗੋਰਿਆਂ ਨੇ ਮੂਲ ਵਾਸੀਆਂ ਨੂੰ ਡਰਾ-ਧਮਾ ਕੇ ਅਤੇ ਹਿੰਸਾ ਦੀ ਵਰਤੋਂ ਕਰਕੇ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ਜ਼ਮੀਨਾਂ ਖੋਹ ਲਈਆਂ। ਪੰਜਾਬੀਆਂ ਵਾਂਗ ਇਹ ਲੋਕ ਵੀ ਆਪਣੀ ਮਿੱਟੀ ਦੇ ਜਾਏ ਅਤੇ ਇਸ ਨੂੰ ਪਿਆਰ ਕਰਨ ਵਾਲੇ ਹਨ। ਇਹ ਲੋਕ ਵੀ ਆਪਣੀ ਧਰਤੀ ਨੂੰ ਮਾਂ ਸਮਝਦੇ ਹਨ। ਜਦੋਂ ਮਿੱਟੀ ਨਾਲ ਯੁੱਗਾਂ ਤੋਂ ਬਣੀ ਹੋਈ ਜਜ਼ਬਾਤੀ ਸਾਂਝ ਟੁੱਟੀ ਤਾਂ ਬਹੁਤੇ ਲੋਕ ਹੇਰਵੇ ਅਤੇ ਝੋਰੇ ਨਾਲ ਮਰ ਗਏ। ਤੀਜਾ ਸਭ ਤੋਂ ਵੱਡਾ ਕਹਿਰ, ਜਿਹੜਾ ਗੋਰਿਆਂ ਨੇ ਇਨ੍ਹਾਂ ''ਤੇ ਢਾਹਿਆ, ਉਹ ਸੀ ਇਨ੍ਹਾਂ ਨੂੰ ਨਸ਼ਿਆਂ ''ਤੇ ਲਾਉਣਾ। ਕੁਦਰਤੀ ਵਾਤਾਵਰਣ ''ਚ ਰਹਿਣ ਅਤੇ ਕੁਦਰਤ ਨੂੰ ਅਥਾਹ ਪਿਆਰ ਕਰਨ ਵਾਲੇ ਲੋਕਾਂ ਨੂੰ ਸ਼ਰਾਬ, ਅਫੀਮ ਅਤੇ ਤੰਬਾਕੂ ਦੀ ਅਜਿਹੀ ਲਤ ਲੱਗੀ ਕਿ ਜ਼ਿੰਦਗੀ ਨਸ਼ੇ ਜੋਗੀ ਰਹਿ ਗਈ। ਸੋ ਬੀਮਾਰੀਆਂ ਦੀ ਮਾਰ, ਜ਼ਮੀਨਾਂ ਦੇ ਹੇਰਵੇ ਅਤੇ ਵਿਦੇਸ਼ੀਆਂ ਵਲੋਂ ਮਿਥ ਕੇ ਕੀਤੀ ਨਸਲਕੁਸ਼ੀ ਤੇ ਨਸ਼ਿਆਂ ਨੇ ਇਨ੍ਹਾਂ ਦੀ ਅਜਿਹੀ ਦੁਰਗਤ ਕੀਤੀ ਕਿ ਕੇਵਲ 112 ਸਾਲਾਂ ''ਚ ਇਹ ਕੌਮ 90 ਫੀਸਦੀ ਤੱਕ ਖ਼ਤਮ ਹੋ ਗਈ। ਜਿਹੜੇ ਬਚੇ ਸਨ, ਉਨ੍ਹਾਂ ''ਚੋਂ ਮਰਦਾਂ ਨੂੰ ਫੌਜ ''ਚ ਭਰਤੀ ਕਰਕੇ ਦੂਜੀ ਸੰਸਾਰ ਜੰਗ ''ਚ ਧਕੇਲ ਦਿੱਤਾ ਗਿਆ, ਜਿਨ੍ਹਾਂ ''ਚੋਂ ਕੋਈ ਵਿਰਲਾ ਹੀ ਆਪਣੇ ਘਰ ਵਾਪਸ ਪਰਤਿਆ। 
ਇੰਗਲੈਂਡ ਦੀ ਰਾਣੀ ਅੱਜ ਵੀ ਆਸਟਰੇਲੀਆ ਦੀ ਮਲਕਾ ਹੈ। ਸਾਲ 1901 ਤੋਂ ਬਾਅਦ ਕਈ ਸਰਕਾਰਾਂ ਆਈਆਂ-ਗਈਆਂ ਪਰ ਮੂਲ ਵਾਸੀਆਂ ਦੀ ਕਿਸੇ ਨੇ ਸਾਰ ਨਹੀਂ ਲਈ ਅਤੇ ਇਹ ਲੋਕ ਆਪਣੀ ਹੀ ਧਰਤੀ ''ਤੇ ਅਜਨਬੀ ਬਣੇ ਰਹੇ। ਸਾਲ 1963 ''ਚ ਪਹਿਲੀ ਵਾਰ ਇਨ੍ਹਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਅਤੇ ਕੇਵਿਨ ਰੁਡ ਆਸਟਰੇਲੀਆ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਨਸਲਕੁਸ਼ੀ ਲਈ ਪਹਿਲੀ ਵਾਰ ਮੁਆਫੀ ਵੀ ਮੰਗੀ। ਅੱਜ ਇੱਥੋਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਮੁਫਤ ਰਹਿਣ-ਸਹਿਣ ਦੇ ਨਾਲ-ਨਾਲ ਆਟਾ-ਦਾਲਾਂ ਸਕੀਮਾਂ ਅਤੇ ਪੈਨਸ਼ਨਾਂ ਦੇ ਰਹੀਆਂ ਹਨ, ਜਿਸ ਨਾਲ ਇਹ ਨਸ਼ਾ ਖਰੀਦਦੇ ਹਨ, ਕਿਉਂਕਿ ਨਸ਼ਾ ਇਨ੍ਹਾਂ ਦੇ ਹੱਡੀਂ ਰਚ ਚੁੱਕਾ ਹੈ। ਆਸਟਰੇਲੀਆ ਦੀ ਵਿਸ਼ਾਲ ਅਤੇ ਅਮੀਰ ਧਰਤੀ ਦੇ ਮਾਲਕਾਂ ਨੂੰ ਆਪਣੇ ਅਧਿਕਾਰਾਂ ਦੀ ਸੋਝੀ ਨਹੀਂ ਹੈ। ਜੇਕਰ ਕਦੇ ਕਿਤੋਂ ਆਵਾਜ਼ ਉੱਠਦੀ ਹੈ ਤਾਂ ਵਧੇਰੇ ਸਹੂਲਤਾਂ ਦੇ ਲਾਲਚ ਹੇਠ ਉਸ ਨੂੰ ਦਬਾ ਦਿੱਤਾ ਜਾਂਦਾ ਹੈ।