ਗੋਲਡੀ ਵਲੋਂ ਪਾਰਟੀ ਹਾਈ ਕਮਾਂਡ ਤੇ ਪੀ.ਐੱਮ. ਦਾ ਵਿਦਿਆਰਥੀਆਂ ਦੇ ਮੁੱਦੇ 'ਤੇ ਤੁਰੰਤ ਦਖਲ ਦੇਣ ਲਈ ਧੰਨਵਾਦ

04/08/2020 5:27:48 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵੀਜ਼ਾ ਧਾਰਕਾਂ ਵਲੋਂ ਆਸਟ੍ਰੇਲੀਆਈ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਗਈ ਸੀ। ਜਿਸ ਸਬੰਧੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੁਆਰਾ ਦਿੱਤੇ ਗਏ ਵਿਵਾਦਿਤ ਬਿਆਨ 'ਚ ਕਿਹਾ ਗਿਆ ਸੀ, ਕਿ ਜੇਕਰ ਕੌਮਾਂਤਰੀ ਵਿਦਿਆਰਥੀ ਇੱਥੇ ਰਹਿ ਕੇ ਆਪਣਾ ਖਰਚਾ ਨਹੀ ਚੁੱਕ ਸਕਦੇ ਤਾਂ ਵਾਪਸ ਆਪਣੇ ਦੇਸ਼ ਚਲੇ ਜਾਣ, ਸਰਕਾਰ ਉਨ੍ਹਾਂ ਦੀ ਵਿੱਤੀ ਸਹਾਇਤਾ ਨਹੀਂ ਕਰ ਸਕਦੀ। ਇਸ ਮੁਸ਼ਕਿਲ ਸਮੇਂ ਵਿੱਚ ਜਿਥੇ ਆਸਟ੍ਰੇਲੀਆ ਭਰ ਦੇ ਗੁਰਦੁਆਰਾ ਸਾਹਿਬਾਨ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਵਲੋਂ ਆਪਣੇ-ਆਪਣੇ ਪੱਧਰ 'ਤੇ  ਜ਼ਰੂਰਤਮੰਦਾਂ ਲਈ ਲੰਗਰ ਤਿਆਰ ਕਰਕੇ ਵੰਡਿਆ ਜਾ ਰਿਹਾ ਹੈ, ਉਥੇ ਕੋਰੋਨਾ ਵਾਇਰਸ ਕਰਕੇ ਫੈਲੀ ਆਰਥਿਕ ਤੰਗੀ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਰਹਿਣ ਦਾ ਕਿਰਾਇਆ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। 

ਇਸ ਮੁਸ਼ਕਿਲ ਦੀ ਘੜੀ ਵਿੱਚ ਵਿਦਿਆਰਥੀਆਂ ਦੀ ਬਾਂਹ ਫੜਨ ਲਈ ਅਕਾਲੀ ਦੇ ਸਪੋਕਸਮੈਨ ਤੇ ਸਮਾਜਸੇਵੀ ਵਿਨਰਜੀਤ ਸਿੰਘ ਗੋਲਡੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਰਾਹੀਂ ਇਹ ਗੰਭੀਰ ਮੁੱਦਾ ਤੁਰੰਤ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।ਜਿਸ ਸਬੰਧੀ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਫੌਨ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰੀਸਨ ਨਾਲ ਕੋਰੋਨਾ ਮਹਾਮਾਰੀ ਦੇ ਇਸ ਗੰਭੀਰ ਸੰਕਟ ਸਮੇਂ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਭਾਰਤੀ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਭਾਰਤ ‘ਚ ਫਸੇ ਆਸਟਰੇਲੀਆ ਵਾਸੀਆਂ ਲਈ ਖੁਸ਼ੀ ਦੀ ਖਬਰ

ਗੋਲਡੀ ਵਲੋਂ ਇਸ ਮੁੱਦੇ 'ਤੇ ਤੁਰੰਤ ਦਖਲ ਦੇਣ ਲਈ ਪਾਰਟੀ ਹਾਈ ਕਮਾਂਡ, ਭਾਰਤ ਸਰਕਾਰ ਤੇ ਆਸਟ੍ਰੇਲੀਆ ਭਰ ਦੇ ਗੁਰਦੁਆਰਾ ਸਾਹਿਬਾਨ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਦਾ ਇਸ ਔਖੀ ਘੜੀ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਮੱਦਦ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆ ਕਿਹਾ ਕਿ ਮਹਾਮਾਰੀ ਕਾਰਨ ਆਲਮੀ ਪੱਧਰ 'ਤੇ ਜਿਥੇ ਬੇਸ਼ਕੀਮਤੀ ਜਾਨੀ ਨੁਕਸਾਨ ਹੋ ਰਿਹਾ ਹੈ, ਉਥੇ ਆਰਥਿਕਤਾ ਨੂੰ ਵੀ ਡੂੰਘੀ ਸੱਟ ਵੱਜੀ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਵਰਗ ਵੀ ਬੁਰੀ ਤਰ੍ਹਾਂ ਇਸ ਦੀ ਮਾਰ ਹੇਠ ਆਇਆ ਹੈ, ਜਿਨ੍ਹਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ। 
 

Vandana

This news is Content Editor Vandana