ਆਸਟ੍ਰੇਲੀਆ : ਵਿਕਟੋਰੀਆ 'ਚ ਆ ਸਕਦੈ ਤੂਫਾਨ, ਚਿਤਾਵਨੀ ਜਾਰੀ

01/19/2020 2:44:40 PM

ਵਿਕਟੋਰੀਆ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ 'ਤੇ ਕਾਫੀ ਹਦ ਤਕ ਕਾਬੂ ਪਾ ਲਿਆ ਗਿਆ ਹੈ ਤੇ ਦੇਸ਼ 'ਚ ਮੀਂਹ ਪੈ ਰਿਹਾ ਹੈ। ਆਸਟ੍ਰੇਲੀਅਨ ਮੌਸਮ ਵਿਭਾਗ ਨੇ ਐਤਵਾਰ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਵਿਕਟੋਰੀਆ ਦਾ ਬਰਬਾਦ ਹੋਇਆ ਜੰਗਲੀ ਖੇਤਰ ਹੁਣ ਭਾਰੀ ਮੀਂਹ ਦਾ ਸਾਹਮਣਾ ਕਰੇਗਾ ਤੇ ਇੱਥੇ ਹੜ੍ਹ ਆ ਸਕਦਾ ਹੈ। ਮੌਸਮ ਵਿਭਾਗ ਵਲੋਂ ਭਾਰੀ ਤੂਫਾਨ ਆਉਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਦਿਨਾਂ ਤਕ ਮੌਸਮ ਖਰਾਬ ਰਹੇਗਾ ਤੇ ਹੜ੍ਹ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਅਜੇ ਵੀ ਵਿਕਟੋਰੀਆ 'ਚ 14 ਅਤੇ ਨਿਊ ਸਾਊਥ ਵੇਲਜ਼ 'ਚ 69 ਥਾਵਾਂ 'ਤੇ ਜੰਗਲੀ ਅੱਗ ਜਾਰੀ ਹੈ। ਲੋਕਾਂ ਨੂੰ ਗੋਲਡ ਕੋਸਟ ਦੀਆਂ ਬੀਚਾਂ 'ਤੇ ਜਾਣ ਸਮੇਂ ਵਧੇਰੇ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇੱਥੇ ਵੀ ਮੀਂਹ ਦੇ ਪਾਣੀ ਨਾਲ ਕਾਫੀ ਕੂੜਾ ਤੇ ਸਵਾਹ ਇਕੱਠੀ ਹੋ ਚੁੱਕੀ ਹੈ। ਕਈ ਥਾਵਾਂ 'ਤੇ ਮੱਛੀਆਂ ਦੇ ਮਰਨ ਦੀ ਖਬਰ ਵੀ ਮਿਲੀ ਹੈ।