ਦੱਖਣੀ ਚੀਨ ਸਾਗਰ ''ਚ ਸ਼ਿਪਿੰਗ ਕਰੇਗਾ ਆਸਟ੍ਰੇਲੀਆ : ਟਰਨਬੁੱਲ

04/20/2018 11:18:11 AM

ਕੈਨਬਰਾ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਜਲ ਸੈਨਾ ਕੋਲ ਦੱਖਣੀ ਚੀਨ ਸਾਗਰ ਵਿਚ ਸ਼ਿਪਿੰਗ ਕਰਨ ਦਾ ਪੂਰਾ ਅਧਿਕਾਰ ਹੈ। ਟਰਨਬੁੱਲ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਚੀਨੀ ਜਲ ਸੈਨਾ ਨੇ ਵਿਵਾਦਮਈ ਜਲ ਖੇਤਰ ਵਿਚ ਆਸਟ੍ਰੇਲੀਆਈ ਜੰਗੀ ਜਹਾਜ਼ਾਂ ਨੂੰ ਚੁਣੌਤੀ ਦਿੱਤੀ ਹੈ। ਆਸਟ੍ਰੇਲੀਅਨ ਪ੍ਰਸਾਰਣ ਕਾਰਪੋਰੇਸ਼ਨ ਨੇ ਰੱਖਿਆ ਨਾਲ ਜੁੜੇ ਇਕ ਅਧਿਕਾਰੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਚੀਨ ਨੇ ਆਸਟ੍ਰੇਲੀਆ ਦੇ ਦੋ ਜੰਗੀ ਜਹਾਜ਼ਾਂ ਅਤੇ ਤੇਲ ਦੇ ਇਕ ਜਹਾਜ਼ ਨੂੰ ਉਸ ਸਮੇਂ ਚੁਣੌਤੀ ਦਿੱਤੀ, ਜਦੋਂ ਉਹ ਵੀਅਤਨਾਮ ਵੱਲ ਜਾ ਰਹੇ ਸਨ। ਚੀਨ ਉਸ ਖੇਤਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜਲ ਸੈਨਾ ਅਭਿਆਸ ਕਰ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਅਸਲ ਵਿਚ ਉੱਥੇ ਕੀ ਹੋਇਆ ਸੀ। ਇਸ ਸੰਬੰਧ ਵਿਚ ਪੁੱਛੇ ਜਾਣ 'ਤੇ ਟਰਨਬੁੱਲ ਨੇ ਕਿਹਾ,''ਅਸੀ ਸ਼ਿਪਿੰਗ ਦੀ ਆਜ਼ਾਦੀ ਅਤੇ ਪੂਰੀ ਦੁਨੀਆ ਵਿਚ ਉਡਾਣ ਭਰਨ ਦੇ ਅਧਿਕਾਰ ਨੂੰ ਮੰਨਦੇ ਹਾਂ ਅਤੇ ਇਸ ਪਿੱਠਭੂਮੀ ਵਿਚ ਅਸੀਂ ਦੱਖਣੀ ਚੀਨ ਸਾਗਰ ਸਮੇਤ ਗਲੋਬਲ ਸਾਗਰਾਂ ਵਿਚ ਜਲ ਸੈਨਾ ਜਹਾਜ਼ਾਂ ਦੀ ਗੱਲ ਕਰ ਰਹੇ ਹਾਂ ਜੋ ਅੰਤਰ ਰਾਸ਼ਟਰੀ ਕਾਨੂੰਨ ਦੇ ਤਹਿਤ ਸਾਡਾ ਪੂਰਾ ਅਧਿਕਾਰ ਹੈ।''