ਆਸਟ੍ਰੇਲੀਆ 'ਚ 'ਸਵਾਸਤਿਕ' ਸਮੇਤ ਇਨ੍ਹਾਂ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ

06/09/2023 12:35:40 PM

ਸਿਡਨੀ- ਆਸਟ੍ਰੇਲੀਆ 'ਚ ਵਧ ਰਹੀਆਂ ਸੱਜੇ ਪੱਖੀ ਗਤੀਵਿਧੀਆਂ ਨੂੰ ਰੋਕਣ ਲਈ ਅਲਬਾਨੀਜ਼ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦੇਸ਼ ਵਿੱਚ ਸੱਜੇ ਪੱਖੀ ਗਤੀਵਿਧੀਆਂ ਵਿੱਚ ਲਗਾਤਾਰ ਵਾਧੇ ਕਾਰਨ ਆਸਟ੍ਰੇਆਈ ਸਰਕਾਰ ਦੇਸ਼ ਭਰ ਵਿੱਚ ਸਵਾਸਤਿਕ ਅਤੇ ਹੋਰ ਨਾਜ਼ੀ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅਲਬਾਨੀਜ਼ ਸਰਕਾਰ ਇਸ ਸਬੰਧੀ ਕਾਨੂੰਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਆਸਟ੍ਰੇਲੀਆ ਦੇ ਅਟਾਰਨੀ ਜਨਰਲ ਮਾਰਕ ਡਰੇਫਸ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਕਈ ਰਾਜ ਪਹਿਲਾਂ ਹੀ ਅਜਿਹੇ ਚਿੰਨ੍ਹਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਚੁੱਕੇ ਹਨ। ਅਜਿਹੇ 'ਚ ਸੰਘੀ ਕਾਨੂੰਨ ਬਣਨ ਨਾਲ ਪੂਰੇ ਦੇਸ਼ 'ਚ ਅਜਿਹੀਆਂ ਗਤੀਵਿਧੀਆਂ 'ਤੇ ਰੋਕ ਲਗਾਈ ਜਾ ਸਕੇਗੀ।

ਪਾਬੰਦੀ ਲਗਾਉਣ ਪਿੱਛੇ ਇਹ ਹੈ ਵਜ੍ਹਾ

ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਮਾਰਕ ਡਰੇਫਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹਿੰਸਾ ਅਤੇ ਸੱਜੇ-ਪੱਖੀ ਗਤੀਵਿਧੀਆਂ ਲਈ ਇਸ ਚਿੰਨ੍ਹ ਦੀ ਵਰਤੋਂ ਵਿੱਚ ਕਾਫੀ ਵਾਧਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਇੱਕ ਸੰਘੀ (ਫੈਡਰਲ) ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ, ਜਿਸ ਨੂੰ ਉਹ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਕਰਨਗੇ। ਕਾਨੂੰਨ ਰਾਹੀਂ, ਉਹਨਾਂ ਨੂੰ ਇਸ ਕਿਸਮ ਦੀ ਗਤੀਵਿਧੀ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੋਈ ਵੀ ਪ੍ਰਤੀਕ ਜੋ ਨਾਜ਼ੀ ਪ੍ਰਤੀਕਾਂ ਨੂੰ ਦਰਸਾਉਂਦਾ ਹੈ, ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਆਸਟ੍ਰੇਲੀਆ ਵਿੱਚ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ।"

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਬਿੱਲ ਕਾਨੂੰਨ ਦਾ ਰੂਪ ਲੈ ਸਕੇਗਾ ਜਾਂ ਨਹੀਂ। ਕਿਉਂਕਿ ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਹੈ ਅਤੇ ਇਹ ਸਿਰਫ਼ ਪ੍ਰਤੀਨਿਧੀ ਸਭਾ ਨੂੰ ਹੀ ਕੰਟਰੋਲ ਕਰ ਸਕਦੀ ਹੈ, ਸੈਨੇਟ ਨੂੰ ਨਹੀਂ। ਅਜਿਹੇ 'ਚ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਾਨੂੰਨ ਕਦੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਵੇਗਾ। ਕਾਨੂੰਨ ਨਾਜ਼ੀ ਪ੍ਰਤੀਕਾਂ ਦੀ ਵਰਤੋਂ ਕਰਨ ਜਾਂ ਪ੍ਰਦਰਸ਼ਿਤ ਕਰਨ ਵਾਲੇ ਲੋਕਾਂ ਲਈ ਇੱਕ ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰਦਾ ਹੈ। ਹਾਲਾਂਕਿ ਚਿੰਨ੍ਹਾਂ ਦੀ ਵਰਤੋਂ ਧਾਰਮਿਕ, ਵਿਦਿਅਕ ਜਾਂ ਕਲਾਤਮਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਇਸ ਪਾਬੰਦੀ ਨਾਲ ਹਿੰਦੂ, ਬੁੱਧ ਅਤੇ ਜੈਨ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਦੁਆਰਾ ਸਵਾਸਤਿਕ ਚਿੰਨ੍ਹ ਦੀ ਵਰਤੋਂ 'ਤੇ ਕੋਈ ਅਸਰ ਨਹੀਂ ਪਵੇਗਾ।

ਆਸਟ੍ਰੇਲੀਅਨ ਸੁਰੱਖਿਆ ਖੁਫੀਆ ਏਜੰਸੀ ਨੇ ਜਤਾਈ ਸੀ ਚਿੰਤਾ 

ਅਟਾਰਨੀ ਜਨਰਲ ਮਾਰਕ ਡਰੇਫਸ ਦਾ ਕਹਿਣਾ ਹੈ ਕਿ ਪਹਿਲਾਂ ਦੇਸ਼ ਵਿੱਚ ਨਿਓ-ਨਾਜ਼ੀਆਂ ਦੀ ਗਿਣਤੀ ਘੱਟ ਸੀ। ਪਰ ਆਸਟ੍ਰੇਲੀਆ ਦੀ ਮੁੱਖ ਘਰੇਲੂ ਜਾਸੂਸੀ ਏਜੰਸੀ ਅਤੇ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਉਸ ਦੀਆਂ ਗਤੀਵਿਧੀਆਂ ਬਾਰੇ ਚਿੰਤਾਵਾਂ ਪ੍ਰਗਟਾਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਉਹਨਾਂ ਨੂੰ ਉਮੀਦ ਹੈ ਕਿ ਇਹ ਗਿਣਤੀ ਲਗਾਤਾਰ ਘਟਦੀ ਰਹੇਗੀ ਅਤੇ ਆਖਰਕਾਰ ਇੱਕ ਦਿਨ ਇਹ ਖ਼ਤਮ ਹੋ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਸੀਨੀਅਰ ਮੰਤਰੀ ਥਰਮਨ ਸਿੰਗਾਪੁਰ 'ਚ ਲੜਨਗੇ ਰਾਸ਼ਟਰਪਤੀ ਚੋਣ

ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਇਹ ਚਿੰਨ੍ਹ ਪਹਿਲਾਂ ਹੀ ਪਾਬੰਦੀਸ਼ੁਦਾ

ਜੂਨ 2022 ਵਿੱਚ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਨੇ ਪਹਿਲੀ ਵਾਰ ਅਜਿਹੇ ਚਿੰਨ੍ਹਾਂ ਦੀ ਜਨਤਕ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਕਾਨੂੰਨ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਦੀ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ। ਇਸ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ ਭਰਨਾ ਪਵੇਗਾ ਅਤੇ 12 ਮਹੀਨੇ ਦੀ ਕੈਦ ਦੀ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਅਗਸਤ 2022 ਵਿੱਚ ਇੱਕ ਹੋਰ ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ ਨੇ ਸਵਾਸਤਿਕ ਚਿੰਨ੍ਹ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana