ਆਸਟ੍ਰੇਲੀਆ : ਵਿਦੇਸ਼ੀ ਦੂਤਘਰਾਂ ਨੂੰ ਸ਼ੱਕੀ ਪਾਰਸਲ ਭੇਜਣ ਦੇ ਮਾਮਲੇ 'ਚ 1 ਗ੍ਰਿਫਤਾਰ

01/10/2019 1:07:16 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਵਿਚ ਭਾਰਤੀ ਵਣਜ ਦੂਤਘਰ ਸਮੇਤ ਇੱਥੇ ਸਥਿਤ ਕਈ ਡਿਪਲੋਮੈਟਿਕ ਮਿਸ਼ਨਾਂ ਨੂੰ ਕਥਿਤ ਰੂਪ ਨਾਲ ਦਰਜਨਾਂ ਸ਼ੱਕੀ ਪਾਰਸਲ ਭੇਜੇ ਗਏ ਸਨ। ਇਸ ਮਾਮਲੇ ਵਿਚ ਆਸਟ੍ਰੇਲੀਆਈ ਪੁਲਸ ਨੇ 48 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੈਲਬੌਰਨ ਵਿਚ ਘੱਟੋ-ਘੱਟ 10 ਵਣਜ ਦੂਤਘਰਾਂ ਨੂੰ ਸ਼ੱਕੀ ਪੈਕੇਟ ਭੇਜੇ ਜਾਣ ਦੀ ਘਟਨਾ ਦੇ ਬਾਅਦ ਬੁੱਧਵਾਰ ਰਾਤ ਨੂੰ ਸ਼ੇਪਾਟਰਨ ਵਿਚ ਸਾਵਾਸ ਐਵਨ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਪਾਰਸਲਾਂ ਵਿਚ ਕੀ ਸੀ ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਉਨ੍ਹਾਂ ਵਿਚ ਐਸਬੈਟਸ ਰੱਖੇ ਹੋਣ ਦੀ ਖਬਰ ਸੀ। 

ਆਸਟ੍ਰੇਲੀਆਈ ਫੈਡਰਲ ਪੁਲਸ ਅਤੇ ਵਿਕਟੋਰੀਆ ਪੁਲਸ ਨੇ ਕਿਹਾ ਕਿ ਉਸ ਵਿਅਕਤੀ 'ਤੇ ਡਾਕ ਸੇਵਾ ਜ਼ਰੀਏ ਖਤਰਨਾਕ ਸਮੱਗਰੀ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਵਿਚ ਵੱਧ ਤੋਂ ਵੱਧ 10 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਸਵੇਰੇ ਮੈਲਬੌਰਨ ਦੀ ਇਕ ਮਜਿਸਟ੍ਰੇਟ ਅਦਾਲਤ ਵਿਚ ਸੁਣਵਾਈ ਦੇ ਬਾਅਦ ਦੋਸ਼ੀ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਕ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਾਮਾਨ ਵਿਚ ਐਸਬੈਸਟਸ ਮਿਲਿਆ ਹੈ ਅਤੇ ਐਵਨ ਨੇ ਜਮਾਨਤ ਲਈ ਐਪਲੀਕੇਸ਼ਨ ਨਹਂੀਂ ਦਿੱਤੀ ਹੈ। 

ਫੈਡਰਲ ਅਤੇ ਸੂਬਾਈ ਪੁਲਸ ਨੇ ਇਕ ਸੰਯੁਕਤ ਬਿਆਨ ਵਿਚ ਕਿਹਾ,''ਪੁਲਸ ਨੇ 29 ਪੈਕੇਟ ਬਰਾਮਦ ਕੀਤੇ ਹਨ। ਉਨ੍ਹਾਂ ਦੀ ਫੌਰੇਂਸਿਕ ਜਾਂਚ ਕਰਵਾਈ ਜਾਵੇਗੀ ਤਾਂ ਜੋ ਇਸ ਦੇ ਸਪੱਸ਼ਟ ਉਦੇਸ਼ ਦਾ ਪਤਾ ਲਗਾਇਆ ਜਾ ਸਕੇ।'' ਪੁਲਸ ਨੇ ਕਿਹਾ ਕਿ ਇਸ ਨਾਲ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਮੈਲਬੌਰਨ ਅਤੇ ਕੈਨਬਰਾ ਵਿਚ ਬੁੱਧਵਾਰ ਨੂੰ ਜਿਹੜੇ ਦੂਤਘਰਾਂ ਵਿਚ ਸ਼ੱਕੀ ਪੈਕੇਟ ਭੇਜੇ ਗਏ, ਉਨ੍ਹਾਂ ਵਿਚ ਸੈਂਟ ਕਿਲਡਾ ਰੋਡ ਸਥਿਤ ਭਾਰਤੀ ਅਤੇ ਅਮਰੀਕੀ ਵਣਜ ਦੂਤਘਰ ਵੀ ਸ਼ਾਮਲ ਹਨ।