ਆਸਟ੍ਰੇਲੀਆ : ਸ਼੍ਰੀਲੰਕਾ ਹਮਲੇ ''ਚ ਮਾਂ-ਧੀ ਦੀ ਮੌਤ, ਪਲਾਂ ''ਚ ਉੱਜੜਿਆ ਪਰਿਵਾਰ

04/23/2019 1:37:02 PM

ਸਿਡਨੀ— ਆਸਟ੍ਰੇਲੀਆ ਤੋਂ ਸ਼੍ਰੀਲੰਕਾ ਆ ਕੇ ਰਹਿਣ ਲੱਗੇ ਪਰਿਵਾਰ 'ਤੇ ਐਤਵਾਰ ਦਾ ਦਿਨ ਦੁੱਖਾਂ ਦਾ ਪਹਾੜ ਲੈ ਕੇ ਆਇਆ। ਅੱਤਵਾਦੀਆਂ ਵਲੋਂ ਐਤਵਾਰ ਨੂੰ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ 310 ਲੋਕ ਮਾਰੇ ਗਏ। ਇਨ੍ਹਾਂ 'ਚ ਆਸਟ੍ਰੇਲੀਅਨ ਨਾਗਰਿਕ ਵੀ ਹਨ। ਸੁਦੇਸ਼ ਕੋਲੋਨੇ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ 10 ਸਾਲਾ ਧੀ ਅਤੇ ਪਤਨੀ ਮਾਨਿਕ ਸੂਰਿਆਰਾਤਚੀ ਇਸ ਹਮਲੇ 'ਚ ਮਾਰੀਆਂ ਗਈਆਂ। ਉਸ ਨੇ ਦੱਸਿਆ ਕਿ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਉਹ ਚਰਚ ਤੋਂ ਬਾਹਰ ਸੀ ਅਤੇ ਉਹ ਦੌੜ ਕੇ ਉਨ੍ਹਾਂ ਨੂੰ ਦੇਖਣ ਲਈ ਆਇਆ। ਉਸ ਨੇ ਦੇਖਿਆ ਕਿ ਉਸ ਦੀ ਧੀ ਫਰਸ਼ 'ਤੇ ਡਿੱਗੀ ਹੋਈ ਹੈ ਅਤੇ ਉਹ ਉਸ ਨੂੰ ਉਠਾਉਣ ਲੱਗ ਗਿਆ ਪਰ ਉਹ ਮਰ ਚੁੱਕੀ ਸੀ। ਉਸ ਦੇ ਨਾਲ ਹੀ ਉਸ ਦੀ ਪਤਨੀ ਦੀ ਲਾਸ਼ ਪਈ ਸੀ। ਪਲਾਂ 'ਚ ਹੀ ਉਸ ਦਾ ਘਰ ਉੱਜੜ ਗਿਆ ਤੇ ਉਹ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਕਿਸਮਤ ਨੇ ਕੀ ਖੇਡ ਖੇਡਿਆ ਹੈ।

ਮਾਨਿਕ ਇਕ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਸੀ, ਜੋ ਹੋਰ ਦੇਸ਼ਾਂ ਤੇ ਧਾਰਮਿਕ ਸਥਾਨਾਂ 'ਤੇ ਜਾਂਦੀ ਰਹਿੰਦੀ ਸੀ। ਉਨ੍ਹਾਂ ਦੀ ਧੀ ਦਾ ਜਨਮ ਵੀ ਆਸਟ੍ਰੇਲੀਆ 'ਚ ਹੋਇਆ ਸੀ ਪਰ ਉਹ 2014 'ਚ ਸ਼੍ਰੀਲੰਕਾ ਆ ਗਏ ਸਨ। ਉਹ ਰੋਜ਼ਾਨਾ ਚਰਚ 'ਚ ਜਾਂਦੇ ਸਨ ਪਰ ਨਹੀਂ ਜਾਣਦੇ ਸਨ ਕਿ ਅਜਿਹਾ ਕੁੱਝ ਹੋਵੇਗਾ। ਉਸ ਨੇ ਦੱਸਿਆ ਕਿ ਉਸ ਦੀ ਧੀ ਸੰਗੀਤ ਦੀ ਬਹੁਤ ਸ਼ੌਕੀਨ ਸੀ ਅਤੇ ਚਰਚ ਰੋਜ਼ਾਨਾ ਆਉਂਦੀ ਸੀ। ਜ਼ਿਕਰਯੋਗ ਹੈ ਕਿ ਹਮਲੇ 'ਚ ਆਸਟ੍ਰੇਲੀਆ ਦੇ ਦੋ ਨਾਗਰਿਕਾਂ ਦੀ ਮੌਤ ਹੋਈ ਹੈ ਜਦ ਕਿ ਦੋ ਜ਼ਖਮੀ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਵਿਰੋਧੀ ਦਲ ਦੇ ਨੇਤਾ ਬਿੱਲ ਸ਼ੌਰਟਨ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟਾਇਆ ਹੈ।