ਆਸਟ੍ਰੇਲੀਆਈ ਪੀ.ਐੱਮ. ਵਲੋਂ ਤਮਿਲ ਪਰਿਵਾਰ ਮਾਮਲੇ ’ਚ ਦਖਲ ਅੰਦਾਜ਼ੀ ਤੋਂ ਇਨਕਾਰ

09/02/2019 4:55:47 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਕ ਤਮਿਲ ਪਰਿਵਾਰ ਨੂੰ ਸ਼੍ਰੀਲੰਕਾ ਦੇ ਹਵਾਲੇ ਕੀਤੇ ਜਾਣ ਵਾਲੇ ਮਾਮਲੇ ਵਿਚ ਦਖਲ ਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੌਰੀਸਨ ਨੇ ਸੋਮਵਾਰ ਨੂੰ ਕਿਹਾ ਕਿ ਅਪਵਾਦ ਨਾਲ ਮਨੁੱਖੀ ਤਸਕਰੀ ਦੇ ਕਾਰੋਬਾਰ ਵਿਚ ਵਾਧਾ ਹੋ ਸਕਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਤਮਿਲ ਜੋੜੇ ਪਿ੍ਰਆ ਅਤੇ ਨਾਦੇਸਾਲਿੰਗਮ ਅਤੇ ਆਸਟ੍ਰੇਲੀਆ ਵਿਚ ਪੈਦਾ ਹੋਏ ਉਨ੍ਹਾਂ ਦੇ ਦੋ ਬੱਚਿਆਂ ਨੂੰ ਦੇਸ਼ ਵਿਚ ਹੀ ਰਹਿਣ ਦੇਣ ਲਈ ਲੋਕਾਂ ਅਤੇ ਸਿਆਸਤਦਾਨਾਂ ਵੱਲੋਂ ਸਰਕਾਰ ’ਤੇ ਦਬਾਅ ਵੱਧ ਰਿਹਾ ਹੈ।

ਪਰਿਵਾਰ ਆਸਟ੍ਰੇਲੀਆ ਵਿਚ ਰਹਿਣ ਲਈ ਸੰਘਰਸ਼ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸ਼੍ਰੀਲੰਕਾ ਵਿਚ ਉਨ੍ਹਾਂ ’ਤੇ ਮੁਕੱਦਮਾ ਚੱਲੇਗਾ। ਮੌਰੀਸਨ ਨੇ ਸਿਡਨੀ ਵਿਚ ਕਿਹਾ,‘‘ਮੈਂ ਜਾਣਦਾ ਹਾਂ ਕਿ ਉਦੋਂ ਕੀ ਹੰੁਦਾ ਹੈ ਜਦੋਂ ਲੋਕ ਸੋਚਦੇ ਹਨ ਕਿ ਇੱਥੇ ਜਾਂ ਉੱਥੇ ਕਿਸੇ ਅਪਵਾਦ ਨਾਲ ਕੁਝ ਖਾਸ ਫਰਕ ਨਹੀਂ ਪੈਂਦਾ।’’ ਮੌਰੀਸਨ ਨੇ ਕਿਹਾ ਕਿ ਜੇਕਰ ਸਰਕਾਰ ‘ਜਨ ਪ੍ਰਤੀਕਿਰਿਆ’ ਦੇ ਸਮਰਥਨ ਵਿਚ ਉਸ ਪਰਿਵਾਰ ਦਾ ਸਾਥ ਦਿੰਦੀ ਹੈ, ਜਿਸ ਨੂੰ ਸ਼ਰਨਾਰਥੀ ਨਹੀਂ ਪਾਇਆ ਗਿਆ ਹੈ ਤਾਂ ਇਸ ਨਾਲ ਮਨੁੱਖੀ ਤਸਕਰੀ ਵਿਚ ਵਾਧਾ ਹੋ ਸਕਦਾ ਹੈ। 

ਉਨ੍ਹਾਂ ਨੇ ਕਿਹਾ,‘‘ਤੁਸੀਂ ਇਸ ਤਰ੍ਹਾਂ ਮਜ਼ਬੂਤ ਸੀਮਾਵਾਂ ਨਹੀਂ ਚਲਾਉਂਦੇ। ਇਹ ਜਨਤਾ ਦੀ ਭਾਵਨਾ ਦੇ ਬਾਰੇ ਵਿਚ ਨਹੀਂ ਹੈ। ਇਹ ਇਸ ਬਾਰੇ ਵਿਚ ਹੈ ਕਿ ਸੀਮਾ ਸੁਰੱਖਿਆ ਵਿਵਸਥਾ ਦੀ ਇਕਸਾਰਤਾ ਬਣਾਈ ਰੱਖਣ ਵਿਚ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤ ਯਕੀਨੀ ਕਰਨ ਦੇ ਲਿਹਾਜ ਨਾਲ ਸਹੀ ਫੈਸਲਾ ਕੀ ਹੈ।’’ ਜ਼ਿਕਰਯੋਗ ਹੈ ਕਿ ਪਿ੍ਰਆ ਅਤੇ ਨਾਦੇਸਾਲਿੰਗਮ ਸ਼ਰਨ ਲੈਣ ਲਈ 2012 ਅਤੇ 2013 ਵਿਚ ਵੱਖ-ਵੱਖ ਕਿਸ਼ਤੀਆਂ ਜ਼ਰੀਏ ਆਸਟ੍ਰੇਲੀਆ ਪਹੁੰਚੇ ਸਨ। ਉਨ੍ਹਾਂ ਦੀਆਂ ਬੇਟੀਆਂ ਕੋਪਿਕਾ (4) ਅਤੇ ਥਾਰੂਨਿੱਕਾ (2) ਦਾ ਜਨਮ ਆਸਟ੍ਰੇਲੀਆ ਵਿਚ ਹੋਇਆ ਅਤੇ ਉਹ ਕਦੇ ਸ਼੍ਰੀਲੰਕਾ ਨਹੀਂ ਗਈਆਂ।

Vandana

This news is Content Editor Vandana