ਈਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਵੇਗਾ ਆਸਟ੍ਰੇਲੀਆ

08/21/2019 2:39:00 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚ ਮੌਰੀਸਨ ਨੇ ਹੋਰਮੁਜ਼ ਦੀ ਖਾੜੀ ਵਿਚ ਖਤਰਾ ਬਣੇ ਈਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਦੀ ਗੱਲ ਕਹੀ ਹੈ। ਕਿਉਂਕਿ ਤੇਲ ਟੈਂਕਰਾਂ ਅਤੇ ਕਾਰਗੋ ਜਹਾਜ਼ਾਂ ਨੂੰ ਈਰਾਨ ਤੋਂ ਖਤਰਾ ਹੈ। ਮੌਰੀਸਨ ਨੇ ਨਿਊਜ਼ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਅੱਗੇ ਕਿਹਾ,''ਇਸ ਤਰ੍ਹਾਂ ਦੀਆਂ ਘਟਨਾਵਾਂ ਖੇਤਰ ਵਿਚ ਆਸਟ੍ਰੇਲੀਆ ਦੇ ਹਿੱਤਾਂ 'ਤੇ ਵੀ ਖਤਰਾ ਪੈਦਾ ਕਰਦੀਆਂ ਹਨ। ਇਸ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਆਪਣੇ ਅੰਤਰਰਾਸ਼ਟਰੀ ਹਿੱਸੇਦਾਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਆਸਟ੍ਰੇਲੀਆ ਦੇ ਹਿੱਤਾਂ ਵਿਚ ਹੈ। ਸਾਡਾ ਯੋਗਦਾਨ ਨਿਸ਼ਚਿਤ ਸਮੇਂ ਲਈ ਕੁਝ ਖੇਤਰਾਂ ਵਿਚ ਸੀਮਤ ਹੋਵੇਗਾ।'' ਮੌਰੀਸਨ ਨੇ ਕਿਹਾ,''ਆਸਟ੍ਰੇਲੀਆ ਵੱਲੋਂ 2019 ਦੇ ਖਤਮ ਹੋਣ ਤੋਂ ਪਹਿਲਾਂ ਇਕ ਮਹੀਨੇ ਲਈ P-8A Poseidon ਨਿਗਰਾਨੀ ਜਹਾਜ਼ ਭੇਜਿਆ ਜਾਵੇਗਾ। ਨਾਲ ਹੀ 2020 ਦੇ ਜਨਵਰੀ ਵਿਚ 6 ਮਹੀਨੇ ਲਈ ਜੰਗੀ ਜਹਾਜ਼ ਵੀ ਤਾਇਨਾਤ ਕੀਤਾ ਜਾਵੇਗਾ।'' ਓਮਾਨ ਅਤੇ ਈਰਾਨ ਵਿਚਾਲੇ ਸਥਿਤ ਹੋਰਮੁਜ਼ ਦੀ ਖਾੜੀ ਦੀ ਸੁਰੱਖਿਆ ਵਿਚ ਅਮਰੀਕਾ ਦੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਆਸਟ੍ਰੇਲੀਆ ਦੇ ਇਸ ਕਦਮ ਨਾਲ ਮਦਦ ਮਿਲੇਗੀ।

ਗੌਰਤਲਬ ਹੈ ਕਿ ਅਮਰੀਕਾ ਫਾਰਸ ਅਤੇ ਓਮਾਨ ਦੀ ਖਾੜੀ ਨੂੰ ਜੋੜਨ ਵਾਲੇ ਹੋਰਮੁਜ਼ ਜਲਡਮਰੂਮੱਧ ਦੀ ਸੁਰੱਖਿਆ ਯਕੀਨੀ ਕਰਨ ਲਈ ਇਕ ਅੰਤਰਰਾਸ਼ਟਰੀ ਗਠਜੋੜ ਬਣਾਉਣਾ ਚਾਹੁੰਦਾ ਹੈ। ਅੰਤਰਰਾਸ਼ਟਰੀ ਵਪਾਰ ਵਾਲੇ ਸਮੁੰਦਰੀ ਜਹਾਜ਼ 'ਤੇ ਸਿਲਸਿਲੇਵਾਰ ਹਮਲਿਆਂ ਦੇ ਬਾਅਦ ਹਾਲ ਦੇ ਕੁਝ ਮਹੀਨਿਆਂ ਵਿਚ ਗਲੋਬਲ ਵਸਤਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਅਮਰੀਕਾ ਨੇ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਵੇਂਕਿ ਈਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Vandana

This news is Content Editor Vandana