ਆਸਟ੍ਰੇਲੀਆ ਦੇ ਸਕੂਲ ''ਚ ਡਿੱਗਿਆ ਉਲਕਾਪਿੰਡ, ਸੱਚਾਈ ਜਾਣ ਨਾਸਾ ਵਿਗਿਆਨੀ ਹੈਰਾਨ (ਤਸਵੀਰਾਂ)

02/02/2021 6:01:40 PM

ਸਿਡਨੀ (ਬਿਊਰੋ) :ਆਸਟ੍ਰੇਲੀਆ ਦੇ ਉੱਤਰੀ ਕੁਈਨਜ਼ਲੈਂਡ ਦੇ ਇਕ ਪ੍ਰਾਇਮਰੀ ਸਕੂਲ ਦੇ ਖੇਡ ਮੈਦਾਨ ਵਿਚ ਆਸਮਾਨ ਤੋਂ ਉਲਕਾਪਿੰਡ ਡਿੱਗਿਆ ਹੈ। ਇਹ ਖ਼ਬਰ ਜਲਦੀ ਹੀ ਆਲੇ-ਦੁਆਲੇ ਦੇ ਇਲਾਕੇ ਵਿਚ ਫੈਲ ਗਈ। ਤਸਵੀਰਾਂ ਵਿਚ ਦੇਖਿਆ ਜਾ ਸਕਦ ਹੈ ਕਿ ਖੇਡ ਮੈਦਾਨ 'ਤੇ ਉਲਕਾ ਪਿੰਡ ਡਿੱਗਣ ਕਾਰਨ ਮੈਦਾਨ ਦੀ ਘਾਹ ਪੁੱਟੀ ਗਈ ਸੀ। ਇਸ ਦੀ ਰਗੜ ਨਾਲ ਟੋਇਆ ਪੈ ਗਿਆ ਸੀ ਅਤੇ ਧੂੰਆਂ ਵੀ ਨਿਕਲ ਰਿਹਾ ਸੀ ਪਰ ਜਦੋਂ ਇਸ ਦੀ ਅਸਲੀਅਤ ਬਾਰੇ ਖੁਲਾਸਾ ਹੋਇਆ ਤਾਂ ਵਿਗਿਆਨੀਆਂ ਦੇ ਨਾਲ-ਨਾਲ ਲੋਕ ਵੀ ਹੈਰਾਨ ਰਹਿ ਗਏ। 

ਉੱਤਰੀ ਕੁਈਨਜ਼ਲੈਂਡ ਦੇ ਮਾਲੰਡਾ ਸਟੇਟ ਸਕੂਲ ਦੇ ਪ੍ਰਿੰਸੀਪਲ ਮਾਰਕ ਏਲੇਨ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਸਾਡੇ ਕੋਲੋਂ ਦੁਨੀਆ ਭਰ ਤੋਂ ਸਵਾਲ ਪੁੱਛੇ ਜਾ ਰਹੇ ਹਨ। ਆਸਟ੍ਰੇਲੀਆ ਵਿਚ ਉਲਕਾਪਿੰਡ ਡਿੱਗਣ ਦੀ ਖ਼ਬਰ ਸੁਣ ਕੇ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਮਾਹਰ ਉਸ ਦੀ ਜਾਂਚ ਕਰਨ ਲਈ ਸਕੂਲ ਤੱਕ ਪਹੁੰਚ ਗਏ। ਇੱਥੇ ਮੌਕੇ 'ਤੇ ਜਗ੍ਹਾ ਦੀ ਘੇਰਾਬੰਦੀ ਕੀਤੀ ਗਈ ਸੀ। ਪੁਲਸ ਇਸ ਘੇਰਾਬੰਦੀ ਦੇ ਬਾਹਰ ਖੜ੍ਹੀ ਸੀ। 

ਡੇਲੀ ਮੇਲ ਵੈਬਸਾਈਟ ਦੀ ਖ਼ਬਰ ਮੁਤਾਬਕ ਜਦੋਂ ਨਾਸਾ ਦੇ ਵਿਗਿਆਨੀਆਂ ਨੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਤੋਂ ਪੁੱਛਗਿੱਛ ਕੀਤੀ ਅਤੇ ਉਸ ਉਲਕਾਪਿੰਡ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਮਾਰਕ ਏਲੇਨ ਨੇ ਨਾਸਾ ਦੇ ਵਿਗਿਆਨੀਆਂ ਨੂੰ ਦੱਸਿਆ ਕਿ ਇਹ ਸਪੇਸ ਤੋਂ ਆਇਆ ਉਲਕਾਪਿੰਡ ਨਹੀਂ ਹੈ ਸਗੋਂ ਇਹ ਸਕੂਲ ਅਸਾਈਨਮੈਂਟ ਦਾ ਹਿੱਸਾ ਹੈ। ਅਸੀਂ ਬੱਚਿਆਂ ਨੂੰ ਉਲਕਾਪਿੰਡ ਦੇ ਬਾਰੇ ਜਾਣਕਾਰੀ ਦੇਣ ਲਈ ਅਜਿਹਾ ਕੀਤਾ ਹੈ। ਮਾਰਕ ਏਲੇਨ ਨੇ ਦੱਸਿਆ ਕਿ ਬੱਚਿਆਂ ਨੂੰ ਉਲਕਾਪਿੰਡਾਂ ਦੀ ਲੈਂਡਿੰਗ 'ਤੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ।

ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਇਸ ਵਿਚ ਚਸ਼ਮਦੀਦ ਲੋਕਾਂ ਨਾਲ ਗੱਲਬਾਤ ਕਰਨੀ ਹੈ। ਪੁਲਸ ਅਤੇ ਪ੍ਰਸ਼ਾਸਨ ਦੀ ਕਿਰਿਆਸ਼ੀਲਤਾ ਦੀ ਰਿਪੋਰਟ ਵੀ ਸ਼ਾਮਲ ਕਰਨੀ ਹੈ। ਇਸ ਲਈ ਅਸੀਂ ਖੇਡ ਮੈਦਾਨ ਵਿਚ ਇਹ ਉਲਕਾਪਿੰਡ ਬਣਾਇਆ। ਇਹ ਚਾਰਕੋਲ ਨਾਲ ਬਣਿਆ ਇਕ ਗਰਮ ਗੋਲਾ ਹੈ। ਬੱਚਿਆਂ ਨੂੰ ਉਲਕਾਪਿੰਡ ਦੇ ਬਾਰੇ ਵਿਚ ਸਿਖਾਉਣ ਲਈ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਨੇ ਵੀ ਮਦਦ ਕੀਤੀ। ਸਾਰੀ ਘਟਨਾ ਇੰਝ ਰਚੀ ਗਈ ਜਿਵੇਂ ਅਸਲ ਵਿਚ ਕੋਈ ਉਲਕਾਪਿੰਡ ਸਪੇਸ ਤੋਂ ਆ ਕੇ ਸਕੂਲ ਵਿਚ ਡਿੱਗਿਆ ਹੋਵੇ। 

ਫਿਰ ਇਕ ਸਥਾਨਕ ਨਾਗਰਿਕ ਡੈਨੀਅਲ ਮੌਸ ਦੀ ਮਦਦ ਨਾਲ ਬੱਚਿਆਂ ਨੂੰ ਉਲਕਾਪਿੰਡ ਦੀ ਜਾਣਕਾਰੀ ਦਿਵਾਈ ਗਈ। ਅਸਲ ਵਿਚ ਇਸ ਪ੍ਰਾਜੈਕਟ ਬਾਰੇ ਸੋਸ਼ਲ ਮੀਡੀਆ ਵਿਚ ਬਿਨਾਂ ਕਿਸੇ ਨੂੰ ਦੱਸੇ ਇਹ ਪੋਸਟ ਕੀਤਾ ਗਿਆ ਕਿ ਇੱਥੇ ਇਕ ਉਲਕਾਪਿੰਡ ਡਿੱਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਸ੍ਰੀ ਅੰਮ੍ਰਿਤਸਰ ਤੋਂ ਰੋਮ ਲਈ ਏਅਰ ਇੰਡੀਆ ਦੀ ਸਿੱਧੀ ਹਵਾਈ ਸੇਵਾ ਸ਼ੁਰੂ

ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਨੂੰ ਦੇਖ ਨਾਸਾ ਦੇ ਵਿਗਿਆਨੀ ਵੀ ਇੱਥੇ ਪਹੁੰਚ ਗਏ ਪਰ ਜਦੋਂ ਮਾਮਲੇ ਦਾ ਖੁਲਾਸਾ ਹੋਇਆ ਤਾਂ ਉਹ ਨਾਰਾਜ਼ ਵੀ ਦਿਸੇ ਅਤੇ ਹੈਰਾਨ ਵੀ ਕਿਉਂਕਿ ਉਲਕਾਪਿੰਡ ਦ ਲੈਂਡਿੰਗ ਇਕਦਮ ਅਸਲੀ ਦਿਸ ਰਹੀ ਸੀ। ਇਸ ਛੋਟੇ ਜਿਹੇ ਕਸਬੇ ਦੇ ਇਸ ਸਕੂਲ ਪ੍ਰਾਜੈਕਟ ਨੂੰ ਪੂਰੀ ਦੁਨੀਆ ਦੇ ਲੋਕ ਇਸ ਤਰ੍ਹਾਂ ਦੇਖਣਗੇ, ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ।

Vandana

This news is Content Editor Vandana