'ਸ਼ਰਨਾਰਥੀਆਂ ਪ੍ਰਤੀ ਜ਼ਿੰਮੇਵਾਰੀ ਨਿਭਾਏ ਆਸਟ੍ਰੇਲੀਆ'

02/14/2018 10:11:37 AM

ਜੇਨੇਵਾ— ਸੰਯੁਕਤ ਰਾਸ਼ਟਰ ਨੇ ਆਸਟ੍ਰੇਲੀਆ ਨੂੰ ਪਾਪੁਆ ਨਿਊ ਗਿਨੀ ਦੇ ਇਕ ਨਜ਼ਰਬੰਦੀ ਕੇਂਦਰ ਵਿਚ ਫਸੇ ਲੱਗਭਗ 800 ਸ਼ਰਨਾਰਥੀਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਨਜ਼ਰਬੰਦੀ ਕੇਂਦਰ ਵਿਚ ਡਾਕਟਰੀ ਸਹੂਲਤਾਂ ਦੀ ਕਮੀ ਹੈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਕਮਿਸ਼ਨ ਦੇ ਖੇਤਰੀ ਸੁਰੱਖਿਆ ਅਧਿਕਾਰੀ ਰਿਕੋ ਸਾਲਸੀਡੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਨੂੰ ਕੌਮਾਂਤਰੀ ਕਾਨੂੰਨ ਤਹਿਤ ਉਨ੍ਹਾਂ 800 ਸ਼ਰਨਾਰਥੀਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਦੇਸ਼ ਵਿਚ ਸ਼ਰਨ ਲਈ ਹੋਈ ਹੈ।
ਪਾਪੁਆ ਨਿਊ ਗਿਨੀ ਟਾਪੂ ਦੇ ਮਾਨੁਸ ਦੀ ਯਾਤਰਾ ਤੋਂ ਪਰਤੇ ਸਾਲਸੀਡੋ ਨੇ ਕਿਹਾ, ''ਇਸ ਮਿਸ਼ਨ ਨੂੰ ਸ਼ਰਨਾਰਥੀਆਂ ਅਤੇ ਸ਼ਰਨ ਚਾਹੁਣ ਵਾਲਿਆਂ ਦੀ ਨਿਰਾਸ਼ਾ ਅਤੇ ਵਿਗੜਦੀ ਸਥਿਤੀ ਦੀ ਚਿੰਤਾ ਹੈ।'' ਜ਼ਿਕਰਯੋਗ ਹੈ ਕਿ ਅਫਗਾਨਿਸਤਾਨ, ਪਾਕਿਸਤਾਨ ਸ਼ਰਨਾਰਥੀ ਅਤੇ ਮਿਆਂਮਾਰ ਤੋਂ ਪਲਾਇਨ ਕਰਨ ਵਾਲੇ ਰੋਹਿੰਗਿਆ ਮੁਸਲਮਾਨ ਇਸ ਖੇਤਰ ਵਿਚ ਕੈਂਪ ਲਾ ਕੇ ਰਹਿ ਰਹੇ ਹਨ ਅਤੇ ਇੱਥੇ ਡਾਕਟਰੀ ਜਾਂਚ ਅਤੇ ਸਿਹਤ ਸਹੂਲਤਾਂ ਦੀ ਭਾਰੀ ਕਮੀ ਹੈ।