ਆਸਟ੍ਰੇਲੀਆ 'ਚ ਟਰੱਕ ਦੀ ਕਾਰਾਂ ਨਾਲ ਟੱਕਰ, ਇਕ ਬੱਚੇ ਦੀ ਮੌਤ ਤੇ ਕਈ ਲੋਕ ਜ਼ਖਮੀ

07/10/2020 3:30:36 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਦੱਖਣ ਵਿਚ ਸ਼ੁੱਕਰਵਾਰ ਦੁਪਹਿਰ ਵੇਲੇ ਹਿਊਮ ਹਾਈਵੇਅ 'ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਟਰੱਕ ਦੀ ਕਾਰਾਂ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਦੋ ਬਚਾਅ ਹੈਲੀਕਾਪਟਰਾਂ ਸਮੇਤ ਦਰਜਨਾਂ ਐਮਰਜੈਂਸੀ ਕਰਮਚਾਰੀਆਂ ਨੂੰ ਅੱਜ ਦੁਪਹਿਰ 3 ਵਜੇ ਤੋਂ ਬਾਅਦ ਕੈਂਪਬੈਲਟਾਊਨ ਦੇ ਦੱਖਣ ਵਿੱਚ ਮੇਨੰਗਲ ਬੁਲਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬੀ ਡਬਲ ਸੀਮਿੰਟ ਦਾ ਟਰੱਕ ਪਾਰਟ੍ਰਿਜ ਵੀ.ਸੀ. ਰੈਸਟ ਏਰੀਆ ਵੱਲ ਦਾਖਲ ਹੋ ਗਿਆ, ਫਿਰ ਅਣਪਛਾਤੇ ਕਾਰਨਾਂ ਕਰਕੇ ਤਿੰਨ ਐਸਯੂਵੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਇਕ ਅੱਠ ਸਾਲਾ ਕੁੜੀ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ।

ਕਾਰਜਕਾਰੀ ਸੁਪਰਡੈਂਟ ਡੈਰੇਨ ਸਲੀ ਨੇ ਕਿਹਾ,“ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਇਹ ਕਿੰਨਾ ਦੁਖਦਾਈ ਹੈ, ਉਸ ਪਰਿਵਾਰ ਲਈ ਜਿਸ ਨੇ ਇਸ ਛੋਟੇ ਬੱਚੇ ਨੂੰ ਗੁਆ ਦਿੱਤਾ ਹੈ।'' ਉਹਨਾਂ ਨੇ ਪੀੜਤਾ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ।ਹਾਦਸੇ ਦੇ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਰੈਸਟ ਸਟਾਪ 'ਤੇ ਬਹੁਤ ਸਾਰੇ ਲੋਕ ਸਨ ਅਤੇ ਐਮਰਜੈਂਸੀ ਸੇਵਾਵਾਂ ਆਉਣ ਤੱਕ ਉਹਨਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਚਾਰ ਬਾਲਗਾਂ ਨੂੰ ਸਿਰ, ਚਿਹਰੇ ਅਤੇ ਲੱਤ ਦੀਆਂ ਸੱਟਾਂ ਨਾਲ ਲੀਵਰਪੂਲ ਹਸਪਤਾਲ ਲਿਜਾਇਆ ਗਿਆ, ਜਿਹਨਾਂ ਵਿਚੋਂ ਇਕ ਬੀਬੀ ਦੀ ਹਾਲਤ ਗੰਭੀਰ ਹੈ। ਦੂਸਰੇ ਤਿੰਨ, ਇਕ ਬੀਬੀ ਅਤੇ ਦੋ ਆਦਮੀ ਲੀਵਰਪੂਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਲਿਜਾਏ ਗਏ ਪਰ ਹੁਣ ਸਥਿਰ ਹਾਲਤ ਵਿਚ ਹਨ। ਸਮਝਿਆ ਜਾਂਦਾ ਹੈ ਕਿ ਪੰਜਵਾਂ ਮਰੀਜ਼ ਸਦਮੇ ਦਾ ਇਲਾਜ ਕਰਵਾ ਰਿਹਾ ਹੈ।

ਟਰੱਕ ਡਰਾਈਵਰ, 44 ਸਾਲਾ ਮੋਸਵਲੇ ਵਿਅਕਤੀ, ਹਾਦਸੇ ਵਿੱਚ ਜ਼ਖਮੀ ਨਹੀਂ ਹੋਇਆ ਸੀ। ਉਸ ਨੂੰ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਐਨਐਸਡਬਲਯੂ ਪੁਲਿਸ ਨੇ ਇੱਕ ਅਪਰਾਧ ਦ੍ਰਿਸ਼ ਸਥਾਪਤ ਕੀਤਾ ਹੈ, ਜਿਸ ਦੀ ਜਾਂਚ ਮੈਟਰੋਪੋਲੀਟਨ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੀ ਮਾਹਰ ਪੁਲਿਸ ਕਰੇਗੀ। ਹਾਦਸੇ ਮਗਰੋਂ ਹਾਈਵੇਅ 'ਤੇ ਜਾਮ ਲੱਗ ਗਿਆ। ਇਸ ਲਈ ਵਾਹਨ ਚਾਲਕਾਂ ਨੂੰ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

Vandana

This news is Content Editor Vandana