ਆਸਟ੍ਰੇਲੀਆਈ ਪੰਜਾਬੀ ਭਾਈਚਾਰਾ ਅੱਗ ਪੀੜਤਾਂ ਦੀ ਮਦਦ ਲਈ ਆਇਆ ਅੱਗੇ

01/08/2020 1:48:50 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕਰੋੜਾਂ ਦੀ ਗਿਣਤੀ ਵਿੱਚ ਪਸ਼ੂ-ਪੰਛੀ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਤਕਰੀਬਨ 20 ਤੋਂ ਜਿਆਦਾ ਇਨਸਾਨੀ ਜ਼ਿੰਦਗੀਆਂ ਅੱਗ ਦੀ ਲਪੇਟ ਵਿੱਚ ਆ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ।ਇਸ ਭਿਆਨਕ ਅੱਗ ਨਾਲ ਘਰਾਂ ਦੀ ਤਬਾਹੀ ਦੇ ਨਾਲ ਸਭ ਤੋ ਵੱਡਾ ਨੁਕਸਾਨ ਜਾਨਵਰਾਂ ਅਤੇ ਉੱਚ ਮੁੱਲਵਾਨ ਵਾਲੀਆਂ ਬਾਗਬਾਨੀ ਖੇਤੀਬਾੜੀ ਦਾ ਹੋਇਆ ਹੈ, ਜਿਨ੍ਹਾਂ 'ਚ ਲੱਖਾਂ ਹੈਕਟੇਅਰ ਤੋਂ ਜ਼ਿਆਦਾ ਫਸਲਾਂ ਅਤੇ ਜੰਗਲ ਸ਼ਾਮਲ ਹਨ।ਜਿਸਦਾ ਦੁੱਖ ਸਮੁੱਚੀ ਦੁਨੀਆਂ ਭਰ ਦੇ ਲੋਕਾਂ ਨੂੰ ਹੋਇਆ ਹੈ। 

ਆਸਟ੍ਰੇਲੀਆਈ ਸਰਕਾਰ ਵਲੋਂ ਅੱਗ ਨਾਲ ਹੋਈ ਭਿਆਨਕ ਤਬਾਹੀ ਦੇ ਨਾਲ ਹੋਏ ਜਾਨੀ ਮਾਲੀ ਨੁਕਸਾਨ ਅਤੇ ਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਰਾਹਤ ਕਾਰਜਾਂ ਲਈ ਦੋ ਬਿਲੀਅਨ ਡਾਲਰ ਫੰਡ ਦਾ ਐਲਾਨ ਕੀਤਾ ਗਿਆ ਹੈ, ਉਥੇ ਵੱਖ-ਵੱਖ ਦੇਸ਼ਾ ਦੀਆਂ ਸਰਕਾਰਾਂ, ਹਾਲੀਵੁੱਡ ਸਿਤਾਰਿਆਂ ਤੋ ਲੈ ਕੇ ਤੇ ਖਾਸ ਕਰਕੇ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬਾਨ ਤੇ ਵੱਖ-ਵੱਖ ਕਮਿਊਨਿਟੀਆ ਅਤੇ ਬ੍ਰਿਸਬੇਨ ਦੀ ਖਾਲਸਾ ਅਸਿਸਟ ਸੰਸਥਾ, ਟੂਵੰਬਾ ਦੀ ਸਿੱਖ ਕਮਿਊਨਿਟੀ ਅਤੇ ਹੋਰ ਵੀ ਸਮਾਜਸੇਵੀ ਸੰਸਥਾਵਾਂ ਦੇ ਸਮੂਹ ਵਾਲੰਟੀਅਰਾਂ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਰਾਹਤ ਅਮਲੇ ਅਤੇ ਇਸ ਕੁਦਰਤੀ ਆਫਤ ਤੋਂ ਪੀੜਤ ਲੋਕਾਂ ਦੀ ਮਦਦ ਲਈ ਦੂਰ-ਦੁਰਾਡੇ ਇਲਾਕਿਆਂ 'ਚ ਪਹੁੰਚ ਕੇ ਖਾਣ-ਪੀਣ ਤੇ ਮੁੜ-ਵਸੇਬੇ ਦੀਆਂ ਜ਼ਰੂਰੀ ਵਸਤਾਂ ਦੀ ਰਾਹਤ ਸਮੱਗਰੀ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ।

ਬ੍ਰਿਸਬੇਨ ਸ਼ਹਿਰ ਦੇ ਸਮਾਜ ਸੇਵੀ ਤੇ ਕਾਰੋਬਾਰੀ ਡਾ. ਬਰਨਾਡ ਮਲਿਕ ਵਲੋਂ ਦਸ ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਅੱਗ ਨਾਲ ਪੀੜਤ ਲੋਕਾਂ ਲਈ ਦਾਨ ਕੀਤੀ ਹੈ।।ਉਥੇ ਪੰਜਾਬ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਸ. ਵਿਨਰਜੀਤ ਸਿੰਘ ਖਡਿਆਲ ਅਤੇ ਰੁਦਰਾ ਕੰਨਸਲਟੈਂਟ ਸੰਗਰੂਰ ਵੱਲੋਂ ਅੱਗ ਦੇ ਕਹਿਰ ਨਾਲ ਹੋਈ ਭਿਆਨਕ ਤਬਾਹੀ ਜਿਨ੍ਹਾਂ 'ਚ ਪਸ਼ੂ-ਪੰਛੀਆਂ, ਜੀਵ-ਜੰਤੂਆਂ, ਇਨਸਾਨੀ ਜਾਨਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ ਉਨ੍ਹਾਂ ਦੀ ਸ਼ਾਤੀ ਲਈ ਅਰਦਾਸ ਅਤੇ ਆਸਟ੍ਰੇਲੀਆ ਵਿੱਚ ਵਸਦੇ ਸਾਰੇ ਹੀ ਲੋਕਾਂ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਹੈ।

ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 12/01/2020 ਨੂੰ ਸਵੇਰੇ 10 ਵਜੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪਾਏ ਜਾਣਗੇ, ਅਖੰਡ ਪਾਠ ਸਾਹਿਬ ਦੀ ਆਰੰਭਤਾ ਮਿਤੀ 10/01/2020 ਨੂੰ ਸਵੇਰੇ 10 ਵਜੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤੀ ਜਾਵੇਗੀ।ਗੁਰਦੁਆਰਾ ਸਾਹਿਬਾਨ, ਪੰਜਾਬੀ ਭਾਈਚਾਰੇ ਦੇ ਸਮੂਹ ਵਾਲੰਟੀਅਰਾਂ ਅਤੇ ਸਮਾਜਸੇਵੀ ਸੰਸਥਾਵਾਂ ਦਾ ਇਸ ਕੁਦਰਤੀ ਆਫਤ ਵਿੱਚ ਪੀੜਤਾਂ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਮਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Vandana

This news is Content Editor Vandana