ਆਸਟ੍ਰੇਲੀਆ 'ਚ ਕੁੜੀਆਂ ਨੂੰ ਮਿਲੀ ਸਕੂਲ 'ਚ ਸ਼ਾਰਟਸ ਤੇ ਪੈਂਟ ਪਾਉਣ ਦੀ ਇਜਾਜ਼ਤ

07/16/2018 3:21:43 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਕੂਲਾਂ ਨੇ ਲੜਕੀਆਂ ਲਈ ਡਰੈੱਸ ਕੋਡ ਸੰਬੰਧੀ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਦੀ ਇੱਥੋਂ ਦੇ ਜ਼ਿਆਦਾਤਰ ਸਕੂਲਾਂ ਲਈ ਪਾਲਣਾ ਕਰਨੀ ਜ਼ਰੂਰੀ ਹੈ। ਅਸਲ ਵਿਚ ਆਸਟ੍ਰੇਲੀਆਈ ਸਕੂਲਾਂ ਨੇ ਯੂਨੀਫਾਰਮ ਵਿਚ ਸੁਧਾਰ ਕੀਤਾ ਹੈ। ਇਸ ਸੁਧਾਰ ਮੁਤਾਬਕ ਅਗਲੇ ਸਾਲ 2019 ਤੋਂ ਲੜਕੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਸ਼ਾਰਟਸ ਜਾਂ ਪੈਂਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। 
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੁਈਨਜ਼ਲੈਂਡ ਰਾਜ ਸਿੱਖਿਆ ਮੰਤਰੀ ਗ੍ਰੇਸ ਨੇ ਐਤਵਾਰ ਨੂੰ ਕਿਹਾ,''ਅਸੀਂ ਜਾਣਦੇ ਹਾਂ ਕਿ ਲੱਗਭਗ 60 ਫੀਸਦੀ ਸਟੇਟ ਸਕੂਲ ਪਹਿਲਾਂ ਤੋਂ ਹੀ ਲੜਕੀਆਂ ਨੂੰ ਇਨ੍ਹਾਂ ਯੂਨੀਫਾਰਮ ਦੇ ਵਿਕਲਪਾਂ ਦਾ ਪ੍ਰਸਤਾਵ ਦੇ ਰਹੇ ਹਨ ਪਰ ਅਸੀਂ ਦੇਖਿਆ ਕਿ ਕੁਝ ਸਕੂਲਾਂ ਨੇ ਬੀਤੇ ਕਈ ਸਾਲਾਂ ਤੋਂ ਆਪਣੇ ਡਰੈੱਸ ਕੋਡ ਨੂੰ ਅੱਪਡੇਟ ਨਹੀਂ ਕੀਤਾ ਹੈ।'' ਗ੍ਰੇਸ ਨੇ ਕਿਹਾ,''ਕੁਈਨਜ਼ਲੈਂਡ ਦੀਆਂ ਸਾਰੀਆਂ ਲੜਕੀਆਂ ਨੂੰ ਖੇਡਾਂ ਅਤੇ ਕਲਾਸ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਸਮਰੱਥ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਕਿ ਉਨ੍ਹਾਂ ਨੇ ਕੀ ਪਹਿਨਿਆ ਹੈ, ਸਕੂਲ ਤੱਕ ਬਾਈਕ ਚਲਾ ਕੇ ਆਉਣ ਦੇ ਸਮਰੱਥ ਹੋਣਾ ਚਾਹੀਦਾ ਹੈ।'' 
ਗ੍ਰੇਸ ਨੇ ਕਿਹਾ ਕਿ ਨਵੇਂ ਡਰੈੱਸ ਕੋਡ 'ਤੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਅਤੇ ਪੂਰੀ ਸਮੀਖਿਆ ਦੇ ਬਾਅਦ ਸਹਿਮਤੀ ਬਣੀ ਹੈ। ਸੂਬੇ ਦੇ ਸਟ੍ਰੇਟਨ ਸਟੇਟ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜੌਨ ਮਾਰੇਸਕਾ ਨੇ ਕਿਹਾ,''ਅਸੀਂ ਪੂਰੇ ਸਕੂਲੀ ਭਾਈਚਾਰੇ ਨਾਲ ਗੱਲ ਕਰਨ ਮਗਰੋਂ ਪਾਇਆ ਕਿ ਸਾਡੇ ਪ੍ਰਾਇਮਰੀ ਸਕੂਲ ਦੀਆਂ ਅੱਧੀਆਂ ਬੱਚੀਆਂ ਸਕਰਟ ਪਹਿਨ ਕੇ ਸਕੂਲ ਨਹੀਂ ਆਉਣਾ ਚਾਹੁੰਦੀਆਂ, ਜਿਸ ਮਗਰੋਂ ਅਸੀਂ ਆਪਣੇ ਸਕੂਲ ਦੀ ਯੂਨੀਫਾਰਮ ਵਿਚ ਤਬਦੀਲੀ ਕੀਤੀ ਹੈ।'' ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਾਡੇ ਸਕੂਲ ਆ ਕੇ ਹੁਣ ਦੇਖ ਸਕਦਾ ਹੈ ਕਿ ਲੜਕੀਆਂ ਤਣਾਅ ਮੁਕਤ ਹੋ ਕੇ ਫੁੱਟਬਾਲ ਨੂੰ ਕਿੱਕ ਮਾਰ ਰਹੀਆਂ ਹਨ, ਹੈਂਡਬਾਲ ਖੇਡ ਰਹੀਆਂ ਹਨ, ਰੁੱਖ ਹੇਠਾਂ ਬੈਠ ਕੇ ਕਿਤਾਬ ਪੜ੍ਹ ਰਹੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ ਕਿ ਉਨ੍ਹਾਂ ਨੇ ਕੀ ਪਹਿਨਿਆ ਹੈ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਲੜਕੀਆਂ ਉਹੀ ਕੱਪੜੇ ਪਾਉਣ, ਜਿਨ੍ਹਾਂ ਵਿਚ ਉਹ ਖੁਦ ਨੂੰ ਆਜ਼ਾਦ ਮਹਿਸੂਸ ਕਰਦੀਆਂ ਹੋਣ।