ਆਸਟ੍ਰੇਲੀਆ : ਡਾਕਟਰ ਦੀ ਹੱਤਿਆ ਦੇ ਮਾਮਲੇ ''ਚ ਨਾਬਾਲਗ ਗ੍ਰਿਫਤਾਰ

04/19/2019 11:27:26 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ ਨਾਬਾਲਗ 'ਤੇ ਇਕ ਪ੍ਰਸਿੱਧ ਡਾਕਟਰ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ਬੀਤੀ ਰਾਤ 17 ਸਾਲਾ ਮੁੰਡੇ ਨੂੰ ਡਾਕਟਰ ਲੁਪਿੰਗ ਜ਼ੇਂਗ ਦੀ ਹੱਤਿਆ ਦੇ ਦੋਸ਼ ਵਿਚ ਬ੍ਰਿਸਬੇਨ ਦੇ ਦੱਖਣੀ ਹਿੱਸੇ ਤੋਂ ਗ੍ਰਿਫਤਾਰ ਕੀਤਾ ਗਿਆ। ਬੀਤੇ ਹਫਤੇ ਸੋਮਵਾਰ ਰਾਤ 56 ਸਾਲਾ ਸਕਿਨ ਕੈਂਸਰ ਡਾਕਟਰ ਲੁਪਿੰਗ ਜ਼ੇਂਗ ਨੂੰ ਉਨ੍ਹਾਂ ਦੇ ਮੈਕਗ੍ਰੇਗਰ ਘਰ ਦੇ ਗੈਰਾਜ ਵਿਚ ਗੋਲੀ ਮਾਰ ਦਿੱਤੀ ਗਈ ਸੀ। 

ਜਾਸੂਸ ਸੁਪਰਡੈਂਟ ਟੋਨੀ ਫਲੇਮਿੰਗ ਨੇ ਕਿਹਾ ਕਿ ਕਾਫੀ ਥਾਵਾਂ ਦੀ ਤਲਾਸ਼ੀ ਦੇ ਬਾਅਦ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਡਾਕਟਰ ਨਾਬਾਲਗ ਮੁੰਡੇ ਨੂੰ ਜਾਣਦਾ ਸੀ ਜਾਂ ਨਹੀਂ। ਜ਼ੇਂਗ ਨੂੰ ਗੋਲੀ ਲੱਗਣ ਮਗਰੋਂ ਪਰਿਵਾਰ ਵਾਲਿਆਂ ਨੇ ਤੁਰੰਤ ਟ੍ਰਿਪਲ ਜ਼ੀਰੋ 'ਤੇ ਫੋਨ ਕੀਤਾ ਅਤੇ ਫਿਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਪ੍ਰਿੰਸੈੱਸ ਅਲੈਗਜੈਂਡਰਾ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਇਸ ਮਾਮਲੇ ਵਿਚ ਦੋ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। 

ਜਾਣਕਾਰੀ ਮੁਤਾਬਕ ਡਾਕਟਰ ਜ਼ੇਂਗ ਨੂੰ ਤਿੰਨ ਦਹਾਕਿਆਂ ਦਾ ਮੈਡੀਕਲ ਅਨੁਭਵ ਸੀ ਜਿਸ ਵਿਚ ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਰੀ ਵਿਚ 11 ਸਾਲ ਸ਼ਾਮਲ ਸਨ। ਉਹ ਤਿੰਨ ਭਾਸ਼ਾਵਾਂ ਬੋਲਦੇ ਸਨ। ਉਨ੍ਹਾਂ ਦੀ ਪਤਨੀ ਅਤੇ ਦੋਵੇਂ ਬੱਚੇ ਵੀ ਇਸੇ ਕਿੱਤੇ ਵਿਚ ਹਨ।

Vandana

This news is Content Editor Vandana